ਪੰਨਾ:Macbeth Shakespeare in Punjabi by HS Gill.pdf/78

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਭਵਿੱਖ ਵਕਤਾ ਵੀ ਸ਼ਾਹ ਹੈ ਸਾਡਾ;
ਕਈ ਹੋਰ ਅਜਿਹੀਆਂ ਬਖਸ਼ੀਸ਼ਾਂ, ਤਖਤ ਦੇ ਪਾਏ ਨਾਲ ਨੇ ਜੁੜੀਆਂ,
ਜੋ ਦਾਤੇ ਦੀ ਨਦਰ-ਨਿਹਾਲੀ ਵਾਲੀ ਦੇਣ ਗਵਾਹੀ।
ਮੈਕਡਫ:ਵੇਖੋ ਤਾਂ ਸਹੀ, ਕੌਣ ਆ ਰਿਹੈ?
ਮੈਲਕੌਲਮ:ਮੇਰਾ ਦੇਸੀ ਭਰਾ ਕੋਈ ਲਗਦੈ; ਐਪਰ ਮੈਂ ਨਾਂ ਜਾਣਾਂ ਇਹਨੂੰ।
{ਪ੍ਰਵੇਸ਼ ਰੌਸ}

ਮੈਕਡਫ:ਆ ਓ ਸਾਊ ਭਰਾ ਚਚੇਰੇ, 'ਜੀ ਆਇਆਂ ਨੂੰ' ਆਖਾਂ ਤੈਨੂੰ।
ਮੈਲਕੌਲਮ:ਹੁਣ ਪਛਾਣ ਲਿਆ ਹੈ ਇਹਨੂੰ।
ਸਮੇਂ ਦੀ ਅਦਭੁਤ ਕਰਨੀ ਵੇਖੋ,ਅਜਨਬੀਅਤ ਕਿੱਦਾਂ ਦੂਰ ਕਰੇ ਹੈ!
ਰੌਸ:ਆਮੀਨ, ਜਨਾਬ!
ਮੈਕਡਫ:ਕਾਇਮ ਦਾਇਮ ਸਕਾਟਲੈਂਡ ਹੈ?
ਰੌਸ:ਸਦ ਅਫਸੋਸ, ਵਤਨ ਬੇਚਾਰਾ, ਹੁਣ ਤਾਂ ਡਰਦੈ ਖੁਦ ਨੂੰ ਪਹਿਚਾਨਣ ਤੋਂ ਵੀ!
ਮਾਤਭੂਮੀ ਤਾਂ ਹੁਣ ਇਹਨੂੰ ਕਹਿ ਨਹੀਂ ਸਕਦੇ,
ਬੱਸ ਹੁਣ ਕਬਰਿਸਤਾਨ ਹੀ ਲਗਦੈ: ਹਾਲਤ ਹੁਣ ਤਾਂ ਐਸੀ ਹੋ ਗਈ:-
'ਯਾ ਤੋ ਦੀਵਾਨਾ ਹੰਸੇ, ਯਾ ਤੂ ਜਿਸੇ ਤੌਫੀਕ ਦੇ,'
ਨਹੀਂ ਤਾਂ ਐਸੇ ਦੇਸ ਤਿਹਾਰੇ, ਕੀਹਨੂੰ ਹਾਸਾ ਆਉਂਦੈ!
ਵੈਣ, ਵਿਰਲਾਪ, ਤੇ ਹਾਅਵੇ, ਹੂਕਾਂ ਅੰਬਰ ਫਾੜਨ ਜਿੱਥੇ,
ਕੁੱਲ ਕੰਨਾਂ ਵਿੱਚ ਐਪਰ, ਤੁੰਨ ਕੇ ਰੂੰ ਭਰੀ ਹੈ ਜਿੱਥੇ:
ਸੁਣੀਆਂ ਹੋ ਜਾਵਣ ਅਣਸੁਣੀਆਂ, ਜੂੰ ਨਾਂ ਰਿੰਗੇ ਕਿਸੇ ਕੰਨ ਤੇ;
ਜਿੱਥੇ ਗ਼ਮ ਜੋ ਪੱਲੇ ਪਾਇਐ, ਜ਼ੁਲਮ, ਜਬਰ, ਤਸ਼ੱਦਦ ਸ਼ਾਹੀ,
ਆਧੁਨਿਕ ਆਨੰਦ ਹੋ ਨਿਬੜਐ, ਹਸ ਹਸ ਸਹਿੰਦੀ ਕੁੱਲ ਲੁਕਾਈ;
ਮੌਤ ਦਾ ਘੰਟਾ ਵੱਜਦਾ ਰਹਿੰਦੈ, ਬਿਨ ਆਖੇ, ਬਿਨਾਂ ਗੁਜ਼ਾਰਿਸ਼;
ਟੋਪੀਆਂ ਵਿੱਚ ਫੁੱਲ ਜੋ ਟੰਗੇ, ਮੁਰਝਾਵਣ ਜਿੱਥੇ ਮਰਨ ਤੋਂ ਪਹਿਲਾਂ,
ਬੰਦੇ ਮਰਨ ਅਜਾਈਂ ਜਿੱਥੇ, ਮੌਤ ਰੋਜ਼ ਅਣਿਆਈ।
ਮੈਕਡਫ:ਹਾਏ ਓ ਬੰਧੂ, ਹਾਲਤ ਕੇਹੀ ਦੇਸ ਦੀ ਹੋਗੀ!-
ਨਿਯੰਤਰਣਹੀਨ, ਬੇਕਾਬੂ, ਤੂੰ ਆ ਜਿੰਨਾ ਦੱਸਿਐ,
ਓਡਾ ਈ ਵੱਡਾ ਸੱਚ ਬਖਾਨਿਐ।
ਮੈਲਕੌਲਮ:ਜ਼ੁਲਮ, ਜਬਰ ਕੋਈ ਢਾਇਆ ਤਾਜ਼ਾ?
ਰੌਸ:ਘੰਟੇ ਭਰ ਦੀ ਉਮਰ ਬਾਲੜੀ, ਲੱਖ ਲਾਅਣਤ ਪਾਏ ਬੁਲਾਰੇ ਉੱਤੇ,
ਲਾਅਣਤ, ਲਾਅਣਤ, ਲਾਅਣਤ, ਹਰ ਪਲ਼ ਨਵੀਂ ਓ ਨਵੀਂ ਹੈ ਲਾਅਣਤ!
ਮੈਕਡਫ:ਬੀਵੀ ਮੇਰੀ ਦਾ ਹਾਲ ਸੁਣਾ।
ਰੌਸ:ਬੱਸ ਠੀਕ ਹੈ।

77