ਪੰਨਾ:Macbeth Shakespeare in Punjabi by HS Gill.pdf/79

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮੈਕਡਫ:ਤੇ ਬੱਚੇ ਮੇਰੇ?
ਰੌਸ:ਠੀਕ ਨੇ ਉਹ ਵੀ।
ਮੈਕਡਫ:ਕੀ ਜ਼ਾਲਮ ਨੇ ਅਮਨ ਉਨ੍ਹਾਂ ਦਾ ਭੰਗ ਨਹੀਂ ਕੀਤਾ?
ਰੌਸ:ਨਹੀਂ; ਮੈਂ ਜਦ ਤੁਰਿਆ ਠੀਕ ਸਨ ਉਹੋ।
ਮੈਕਡਫ:ਖੁਲ੍ਹ ਕੇ ਬੋਲ, ਸ਼ਬਦਾਂ ਦਾ ਸੰਕੋਚ ਨਾਂ ਕਰ:
ਅਸਲ ਹਾਲ ਤੂੰ ਦੱਸ ਅਸਾਨੂੰ।
ਰੌਸ:ਜਦ ਮੈਂ ਏਧਰ ਤੁਰਿਆ, ਲੈ ਕੇ ਬੋਝਾ ਖਬਰਾਂ ਵਾਲਾ,
ਗੱਠ ਗ਼ਮਾਂ ਦੀ ਬੜੀ ਸੀ ਭਾਰੀ;
ਸਾਰੇ ਇਹ ਅਫਵਾਹ ਫੈਲੀ ਸੀ:ਭਲੇ ਪੁਰਸ਼ਾਂ ਦੀ ਗਿਣਤੀ ਭਾਰੀ, ਬਗ਼ਾਵਤ ਦੀ ਸੀ ਪੱਕ ਪਕਾਈ;
ਇਸ ਗੱਲ ਵਿੱਚ ਵਿਸ਼ਵਾਸ ਮੇਰੇ ਦੀ, ਫੌਜ ਜ਼ਾਲਿਮ ਦੀ ਸ਼ਾਹਦ ਆਈ,
ਨਿਕਲ ਪਈ ਸੀ ਸੜਕਾਂ ਉੱਤੇ, ਨੱਪਣ ਏਸ ਬਗ਼ਾਵਤ ਤਾਈਂ:
ਹੁਣ ਵੇਲ਼ਾ ਹੈ ਮਾਰੋ ਹੰਬਲਾ, ਕਰੋ ਸਹਾਇਤਾ;
ਤੁਹਾਡੀ ਨਦਰ, ਦਰਸ ਤੁਹਾਡੇ, ਸਕਾਟਲੈਂਡ 'ਚ ਪੈਦਾ ਕਰਨ ਯੋਧੇ,
ਵੀਰਾਂਗਣਾਂ ਬਣਾਉਣ ਸੁਆਣੀਆਂ ਤਾਈਂ, ਦੀਰਘ ਰੋਗ ਸੁਆਹ ਕਰਨ ਨੂੰ।
ਮੈਲਕੌਲਮ:ਖੁਸ਼ਖਬਰੀ ਖੁਸ਼ਵਖਤੀ ਹੋਵੇ, ਅਸੀਂ ਆਪ ਉਨ੍ਹਾਂ ਵੱਲ ਚੱਲੇ:
ਕਿਰਪਾਲੂ ਇੰਗਲੈਂਡ ਨਦਰ ਨਿਹਾਲੀ, ਦਸ ਹਜ਼ਾਰ ਦੀ ਸੈਨਾ ਭਾਰੀ,
ਸਾਊ ਸੀਵਾਰਡ ਕੁਮੇਦਾਨ ਸੰਭਾਲੀ;
ਮਹਾਂ ਤਜਰਬੇਕਾਰ ਪੁਰਾਣਾ, ਕੁਮੇਦਾਨ ਬੜਾ ਸਿਆਣਾ,
ਪੂਰੇ ਏਸ ਈਸਾਈ ਜਗਤ ਵਿੱਚ, ਜੀਹਦਾ ਸਾਨੀ ਨਹੀਂ ਹੈ ਕੋਈ।
ਰੌਸ:ਕਾਸ਼, ਮੈਂ ਵੀ ਉੱਤਰ ਦੇ ਸਕਦਾ, ਏਨਾਂ ਹੀ ਸੁਖਦਾਈ,
ਇਸ ਸੁਖਦਾਈ ਸਮਾਚਾਰ ਦਾ ! ਐਪਰ ਸ਼ਬਦ, ਬੋਲ ਇਹ ਮੇਰੇ,
ਬੱਸ ਰੋਹੀ ਦੀ ਨ੍ਹੇਰੀ ਅੰਦਰ, ਮੂੰਹ ਫਾੜ ਕੇ ਮਾਰੀਆਂ ਚੀਕਾਂ:
ਕੰਨ ਜਿਨ੍ਹਾਂ ਨੂੰ ਫੜ ਨਹੀਂ ਸਕਦੇ।
ਮੈਕਡਫ:ਕੀਹਦੇ ਬਾਰੇ ਬੋਲ ਨੇ ਇਹੇ? ਹੈ ਨੇ ਦੁੱਖ ਅਵਾਮੀ ਬਾਰੇ?
ਜਾਂ ਜੁਰਮਾਨਾ ਰੰਜ ਨਿੱਜੀ ਦਾ, ਇੱਕੋ ਹਿਰਦੇ ਭਰਨਾ ਜੋਈ?
ਰੌਸ:ਕੋਈ ਨਹੀਂ ਅਜਿਹਾ ਭੱਦਰ, ਜਿਸ ਦੀ ਗ਼ਮ 'ਚ ਸਾਂਝ ਨਹੀਂ;
ਵੱਡਾ ਹਿੱਸਾ ਭਾਵੇਂ ਇਹਦਾ, ਤੇਰੇ ਭਾਗੀਂ ਆਉਂਦੈ।
ਮੈਕਡਫ:ਜੇ ਇਹ ਰੰਜ-ਓ-ਗ਼ਮ ਹੈ ਮੇਰਾ, ਮਤ ਲੁਕਾ ਫਿਰ ਮੈਥੋਂ,
ਫੌਰਨ ਬੋਲ, ਦੱਸ ਖੁਲ੍ਹ ਕੇ ਕਿਹੜਾ ਲੋਹੜਾ ਆਇਐ?
ਰੌਸ:ਮੈਂ ਨਹੀਂ ਚਾਹੁੰਦਾ ਕੰਨ ਤੁਹਾਡੇ, ਘਿਰਣਾ ਕਰਨ ਜੀਭ ਨੂੰ ਮੇਰੀ,
ਜੀਹਨੇ ਘੋਰ ਖਬਰ ਦਾ ਬਲ਼ਦਾ ਲਾਵਾ, ਇਹਨਾਂ ਦੇ ਵਿੱਚ ਪਾਉਣੈ,
ਜੀਹਤੋਂ ਮਾੜੀ, ਮੰਦਭਾਗੀ ਇਹਨਾਂ, ਕਦੇ ਸੁਣੀ ਨਹੀਂ ਕਿਸੇ ਜੀਭ ਤੋਂ।

78