ਸ਼ੇਕਸਪੀਅਰ ਦੇ ਸਿਰਜਤ ਬਿੰਬ ਮੂਹਰੇ ਪਰਤੱਖ ਆ ਖਲੋਂਦੇ ਹਨ; ਖਾਸ ਕਰ ਸੀਨ ੩ ਦੇ ਮੁੱਢ ਵਿੱਚ ਚੁੜੇਲਾਂ ਦੀ ਵਰਤਾਲਾਪ ਦੇ ਸੰਕੇਤਕ ਚਿਤਰ। ਸ਼ੇਕਸਪੀਅਰ ਦੇ ਸਮੇਂ , ਸਭਿਅਤਾ ਤੇ ਭਾਸ਼ਾ ਦੀਆਂ ਸੀਮਾਵਾਂ ਤੋਂ ਚੇਤੰਨ ਹਰਦਿਲਬਾਗ਼ ਗਿੱਲ ਅਸੰਭਵ ਨੂੰ ਸੰਭਵ ਬਣਾਉਣ ਦਾ ਸਫ਼ਲ ਯਤਨ ਕਰਦਾ ਲੱਗਦਾ ਹੈ।
ਮੈਕਬੈਥ, ਡੰਕਨ, ਬੈਂਕੋ ਜਿਹੇ ਪੇਚੀਦਾ ਪਾਤਰਾਂ ਦੀਆਂ ਪਰਤਾਂ ਨੂੰ ਪੰਜਾਬੀ ਭਾਸ਼ਾ ਦੀਆਂ ਸੀਮਤ ਵਲਗਨਾਂ ਅੰਦਰ ਰਹਿ ਕੇ ਉਘੇੜਣ ਲਈ ਉਹ ਵੱਧ ਤੋਂ ਵੱਧ ਸਮਰੱਥ ਸ਼ਬਦਾਵਲੀ ਤੇ ਕਾਵਿਕਤਾ ਦਾ ਸਹਾਰਾ ਲੈਂਦਾ ਹੈ। ਉਹ ਕਾਵਿਕਤਾ ਦੀ ਕੁੰਜੀ ਘੁਮਾ ਕੇ ਅਰਥਾਂ ਤੇ ਸ਼ਬਦਾਂ ਦੇ ਸੁਮੇਲ ਦੀਆਂ ਅੰਤਰੀਵ ਸੁਰਾਂ ਤੇ ਸੁਰਾਗ਼ਾਂ ਤੀਕ ਪਹੁੰਚਣ ਲਈ ਹਰ ਪ੍ਰਯਤਨ ਕਰਦਾ ਹੈ। ਸੀਨ ੫ ਅੰਦਰ ਲੇਡੀ ਮੈਕਬੈੱਥ ਦਾ ਵਚਣ ਅਤਿ ਦੀ ਸੂਖਮ ਸ਼ੈਲੀ ਦੁਆਰਾ ਨਿਭਾਇਆ ਹੈ। ਉਂਜ ਤੇ ਸ਼ੇਕਸਪੀਅਰ ਦਾ ਇਹ ਨਾਟਕ ਰਾਜਸੀ ਸਾਜ਼ਸ਼ਾਂ, ਭਰਮਾਂ, ਵਿਸ਼ਵਾਸਘਾਤ ਦੀਆਂ ਖ਼ੂਨੀ ਘਟਨਾਵਾਂ, ਗ਼ਦਾਰੀ ਦੀਆਂ ਸਜਿਸ਼ਾਂ ਅਤੇ ਹੋਣੀ ਦੀਆਂ ਉਦਹਾਰਨਾਂ, ਸਭ ਤੋਂ ਵੱਧ ਸਦੀਵੀ ਮਨੁੱਖੀ ਲਾਲਸਾ ਦੇ ਮੋੜਾਂ ਤੋੜਾਂ ਨਾਲ ਭਰਪੂਰ ਹੈ। ਪਰ ਮੂਲ ਲੇਖਕ ਦੀ ਭਾਸ਼ਾ, ਕਵਿਤਾ ਤੇ ਵਾਰਤਾਲਾਪ ਉੱਤੇ ਪ੍ਰਭਾਵੀ ਪਕੜ ਇਸ ਸਾਰੇ ਜੀਵਨ ਨਾਟਕ ਨੂੰ ਜ਼ਬਰਦੱਸਤ ਨਾਟਕ ਬਣਾਉਂਦੀ ਹੈ; ਅਨੁਵਾਦਕਾਰ ਵੀ ਪੰਜਾਬੀ ਦੀ ਸੀਮਤ ਸਮਰੱਥਾ ਨੂੰ ਵਰਤਦਾ ਹੋਇਆ ਉਨ੍ਹਾਂ ਕਲਾਤਮਕ ਸੰਭਾਵਨਾਵਾਂ ਦੀਆਂ ਤੰਦਾਂ ਨੂੰ ਉਧੇੜਦਾ ਜਾਂਦਾ ਹੈ। ਮੈਕਬੈਥ ਨੂੰ ਰਾਜਾ ਬਣਾਉਣ ਲਈ ਲੇਡੀ ਮੈਕਬੈਥ ਦੀ ਤੀਬਰ,ਬਲ਼ਦੀ ਅਭਿਲਾਸ਼ਾ, ਮੁੱਢ ਵਿੱਚ ਮੈਕਬੈਥ ਦਾ ਚੁੜੇਲਾਂ ਤੇ ਭਰਮਾਂ ਵਿੱਚ ਵਿਸ਼ਵਾਸ ਘੱਟ ਹੋਣ ਦੇ ਬਾਵਜੂਦ ਚੁੜੇਲਾਂ ਦੀਆਂ ਇੱਕ ਦੋ ਭਵਿਖਵਾਣੀਆਂ ਉਸ ਦਾ ਪੇਸ਼ੀਨਗੋਈਆਂ ਵਿੱਚ ਵਿਸ਼ਵਾਸ ਢੂੰਘਾ ਕਰ ਦਿੰਦੀਆਂ ਹਨ। ਧ੍ਰੋਹ ਅਤੇ ਲਾਲਸਾ ਦੀ ਅਗਨ ਵਿੱਚ ਬਲਦੀ ਲੇਡੀ ਮੈਕਬੈਥ ਹੀ ਨਹੀਂ, ਸਗੋਂ ਬੈਂਕੋ ਵੀ ਇਸ ਤੋਂ ਮੁਕਤ ਨਹੀਂ। ਸਾਜ਼ਸਾਂ ਦੇ ਇਸ ਗੁੰਝਲਦਾਰ ਜਾਲ ਵਿੱਚ ਹਰ ਕੋਈ ਉਲਝਿਆ ਹੋਇਆ ਆਪਣੀ ਹੋਣੀ ਵੱਲ ਯਾਤਰਾ ਕਰ ਰਿਹਾ ਹੈ। ਮੈਕਬੈਥ ਵੱਲੋਂ ਕਹਿਣਾ "ਕੀ ਇਹ ਹੀ ਛੁਰਾ ਹੈ ਜੋ ਮੈਂ ਆਪਣੇ ਸਾਮ੍ਹਣੇ ਵੇਖ ਰਿਹਾ ਹਾਂ" ਦਰਅਸਲ ਇਹ ਵੀ ਸੁਝਾਂਦਾ ਹੈ ਕਿ ਇਸ ਨਾਟਕ ਅੰਦਰ ਔਰਤਾਂ ਦਾ ਰੋਲ ਖ਼ਾਸ ਕਰ ਲੇਡੀ ਮੈਕਬੈਥ ਦਾ ਰੋਲ ਬਹੁਤ ਹੀ ਅਹਿਮ ਹੈ। ਲੇਡੀ ਮੈਕਬੈਥ ਚੁੜੇਲਾਂ ਵਾਂਗ ਮੈਕਬੈਥ ਨੂੰ ਰਾਜਾ ਡੰਕਨ ਨੂੰ ਮਾਰ ਕੇ ਰਾਜ ਸਾਂਭਣ ਲਈ ਉਕਸਾਉਂਦੀ ਹੈ। ਉਹ ਮੈਕਬੈਥ ਨੂੰ ਆਪਣੀ ਇੱਛਾ ਪੂਰਤੀ ਲਈ ਵਰਤਦੀ ਹੈ। ਲੇਡੀ ਮੈਕਬੈਥ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਤਾ ਲੱਗਦਾ ਹੈ ਕਿ ਉਹ ਦੋਵੇਂ ਜਾਣੇ ਲਾਲਸਾ ਦੀ ਅਗਨ ਵਿੱਚ ਬੁਰੀ ਤਰ੍ਹਾਂ ਸੜ ਰਹੇ ਸਨ ਅਤੇ ਅੰਤ ਨੂੰ ਉਹ ਅਗਨ ਹੀ ਉਨ੍ਹਾਂ ਨੂੰ ਭਸਮ ਕਰ ਦਿੰਦੀ ਹੈ।
ਇਨ੍ਹਾਂ ਪੇਚੀਦਾ ਪਾਤਰਾਂ ਦੀਆਂ ਪੇਚੀਦਾ ਸਕੀਮਾਂ ਤੇ ਵਲਾਂ ਗੇੜਾਂ ਲਈ ਬਰਾਬਰ ਦੀ ਭਾਸ਼ਾ ਮੂਲ ਅਤੇ ਅਨੁਵਾਦ ਰੂਪ ਵਿੱਚ ਬਹੁਤ ਅਹਿਮ ਰੋਲ ਨਿਭਾਉਂਦੀ ਹੈ। ਹਰਦਿਲਬਾਗ਼ ਗਿੱਲ ਨੇ ਇਸ ਕਠਨ ਕਾਰਜ ਨੂੰ ਆਪਣੇ ਸਿਰ ਲਿਆ ਤੇ ਫ਼ਿਰ ਸਫ਼ਲਤਾ ਪੂਰਵਕ ਸਿਰੇ ਚਾੜ੍ਹਿਆ ਹੈ। ਉਸ ਦੀ ਘਾਲ, ਭਾਸ਼ਾ ਨੂੰ ਨਾਟਕ ਦੇ ਮੰਤਵ ਲਈ ਵਰਤਣ, ਲੋੜ ਪੈਣ ਤੇ ਉਸ ਵਿੱਚ ਬਣਦੀਆਂ ਢੁਕਵੀਆਂ ਖੁੱਲ੍ਹਾਂ ਲੈਣ ਅਤੇ ਇਸ ਸੁੰਦਰ ਕਾਰਜ ਨੂੰ ਸੰਪੂਰਨਤਾ ਦਾ ਤਾਜ ਪਹਿਣਾਉਣ ਲਈ ਉਸ ਨੂੰ ਮੇਰਾ ਸਲੂਟ।
ਬਲਰਾਜ ਚੀਮਾ
7