ਪੰਨਾ:Mere jharoche ton.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬੜੇ ਲਾਇਕ ਹੁੰਦੇ ਹਨ, ਸਿਆਣੇ ਤੇ ਸੁਚੱਜੇ, ਪਰ ਉਹਨਾਂ ਦੇ ਨੇੜੇ ਜਾਂਦਿਆਂ ਹੀ ਕੋਈ ਨਾ ਕੋਈ ਚੀਜ਼ ਚੁਭ ਜਾਂਦੀ ਹੈ, ਝਟ ਤਕਲਾ ਵਿੰਗਾ ਹੋ ਜਾਂਦਾ ਹੈ । ਕਦੇ ਉਹਨਾਂ ਦਾ ਪੈਰ ਸਾਡੇ ਤੇ, ਤੇ ਕਦੇ ਸਾਡਾ ਪੈਰ ਉਹਨਾਂ ਦੇ ਪੈਰ ਤੇ ਆ ਜਾਂਦਾ ਹੈ, ਤੇ ਦੋਪਾਸੀ ਚੀਕ ਚਿਹਾੜਾ ਪੈ ਜਾਂਦਾ ਹੈ। ਕਈ ਆਦਮੀ ਹਨ, ਸਭ ਕੁਝ ਠੀਕ ਹੁੰਦਾ ਹੈ, ਸਿਰਫ਼ ਇਕ ਗਲ ਮੂੰਹੋਂ ਕਢਣ ਦੀ ਢਿਲ ਹੁੰਦੀ ਹੈ, ਕਿ ਸਾਰੀ ਤਾਣੀ ਗੰਢੋ ਗੰਢ ਹੋ ਜਾਂਦੀ ਹੈ ।
ਉਹਨਾਂ ਵਿਚ ਉਸ ਟਾਂਗੇ ਵਰਗਾ ਨੁਕਸ ਹੈ, ਜਿਸ ਦੇ ਕਿਲ ਨੀਵੇਂ ਨਹੀਂ ਠੋਕੇ ਗਏ, ਕਾਬਲੇ ਨਹੀਂ ਕੱਸੇ ਗਏ, ਅੰਦਰ ਰੰਗ ਪੱਕਾ ਨਹੀਂ ਕੀਤਾ ਗਿਆ, ਟਪ ਦਾ ਕਪੜਾ ਬੜਾ ਸੁਹਣਾ ਹੈ, ਪਰ ਕਬਜ਼ਾ ਢਿਲਾ ਹੋਣ ਕਰਕੇ ਉਚ ਘੜ੍ਹਮ ਮੀਚਿਆ ਜਾਂਦਾ ਤੇ ਬੈਠਿਆਂ ਦੀਆਂ ਪੱਗਾਂ ਲਾਹ ਦੇਂਦਾ ਹੈ।
ਦੋਸਤ ਦੋਸਤ, ਪਤੀ ਪਤਨੀ ਪਿਓ ਪੁਤਰ, ਬੜੀ ਸ਼ੁਭ ਇੱਛਾ, ਨਾਲ ਇਕੱਠੇ ਹੁੰਦੇ ਹਨ, ਸਾਹਮਣੇ ਬੜੀ ਸੁਹਣੀ ਰਾਤ ਦਾ ਇਕਰਾਰ ਹੁੰਦਾ ਹੈ। ਇਕ ਧਿਰ ਦੇ ਗਲ ਪਈ ਕਮੀਜ਼ ਵਲ ਧਿਆਨ ਜਾ ਪੈਂਦਾ ਹੈ, ਕਿਸੇ ਹੋਰ ਦੀ ਕਮੀਜ਼ ਦਾ ਕਪੜਾ ਓਦੂੰ ਚੰਗਾ ਮੂੰਹੋਂ ਨਿਕਲ ਜਾਂਦਾ ਹੈ, ਗਲਾਂ ਬਹਿਸ ਬਣ ਜਾਂਦੀਆਂ ਹਨ । ਤਾਲ ਉਖੜ ਜਾਂਦਾ ਹੈ, ਧਿਰਾਂ ਕੋਈ ਬਹਾਨਾ ਪਾ ਕੇ ਆਪਣੇ ਬਿਸਤਰੇ ਵਿਚ ਆਪਣੀ ਮਾਯੂਸੀ ਜਾ ਲੁਕਾਂਦੀਆਂ ਹਨ ।
ਕਿਉਂ ? - ਸਾਰੇ ਕਿਲਾਂ ਦੇ ਸਿਰੇ ਠੋਕੇ ਹੋਏ ਨਹੀਂ । ਪਤਾ ਨਹੀਂ ਕਿਹੜੇ ਵੇਲੇ ਕਿਹੜੀ ਚੁੰਝ ਚੁਭ ਜਾਏ ।
ਸੁਭਾ ਦੀਆਂ ਸਾਰੀਆਂ ਚੁੰਝਾਂ ਨੂੰ ਕਿਲਾਂ ਦੇ ਸਿਰਿਆਂ ਵਾਂਗ "ਰਿਵਟ" ਕਰਨਾ ਭਾਈਚਾਰਕ ਯੋਗਤਾ ਪੈਦਾ ਕਰਦਾ ਹੈ ।
ਇਸ ਯੋਗਤਾ ਦੇ ਮੋਟੇ ਮੋਟੇ ਅੰਗ ਮੈਂ ਖ਼ਿਆਲ ਕਰ ਸਕਿਆਂ ਹੈ।
੧. ਹਾਸ' ਰਸ

੯੮