ਪੰਨਾ:Mere jharoche ton.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਏਸ ਗੱਲ ਦਾ ਭੇਤ ਢੂੰਡਣ ਲਈ ਬੁਧੀ ਨਾਲੋਂ ਉਚੇਰੇ ਪਰਬਤਾਂ ਉਤੇ ਚੜ੍ਹਨਾ ਸ਼ੁਰੂ ਕੀਤਾ । ਆਤਮ-ਗਿਆਨ ਦੀ ਚੋਟੀ ਤੋਂ ਇਹਨਾਂ ਨੂੰ ਲੱਭਾ ਕਿ ਜ਼ਾਤੀ ਰੱਬ ਸਰਬ ਵਿਆਪੀ ਨਹੀਂ ਹੋ ਸਕਦਾ । ਇਹ ਸਾਰਾ ਬ੍ਰਹਿਮੰਡ ਹੀ ਰੱਬ ਹੈ ਤੇ ਮਨੁੱਖ ਦਾ ਦਿਲ ਉਸੇ ਸਰਬ ਵਿਆਪੀ ਰੱਬ ਦਾ ਦਿਲ ਹੈ। ਏਸ ਦਿਲ ਅੰਦਰ,ਬੀਜ ਵਿਚ ਲੁਕੀ ਸਮਰਥਾ ਵਾਂਗ, ਰੱਬ ਦੀ ਪੂਰਨ ਸ਼ਕਤੀ ਹੈ । ਇਹੀ ਰਚਨ-ਸ਼ਕਤੀ ਜਾਂ ਕੁੱਵਤਿ ਖ਼ਾਲਕਾ ਹੈ, ਇਸ ਤੋਂ ਛੁਟ ਕੋਈ ਰੱਬ ਇਹਨਾਂ ਨੂੰ ਨਾ ਦਿਸ ਸਕਿਆ ।
ਏਸ ਤਰਾਂ ਇਹ ਭੇਤ ਖੁਲ੍ਹ ਗਿਆ ਕਿ ਕਿਉਂ ਨਾਸਤਕ, ਆਸਤਕ, ਮਜ਼੍ਹਬੀ ਤੇ ਗੈ਼ਰ ਮਜ਼੍ਹਬੀ ਦੇ ਕੰਮ ਹੁੰਦੇ ਚਲੇ ਜਾਂਦੇ ਹਨ । ਇਹ ਸਚਾਈ ਪ੍ਰਤੱਖ ਹੋ ਗਈ ਕਿ ਜਿਹਾ ਕੋਈ ਵਿਚਾਰਦਾ ਹੈ, ਤਿਹਾ ਹੋ ਜਾਂਦਾ ਹੈ । “ਹੋਣ" ਦੀ ਹੱਦ ਮਨੁਖ ਦੀ ਵਿਚਾਰ-ਸ਼ਕਤੀ ਹੈ । ਇਹ ਵਿਚਾਰ ਫੁਰਨ ਦੀ ਢਿੱਲ ਸੀ ਕਿ ਮਨੁਖ ਨੂੰ ਆਪਣੇ ਅੰਦਰ ਰੱਬੀ ਸ਼ਕਤੀ ਦੀ ਧੜਕਣ ਸੁਣਾਈ ਦਿਤੀ, ਤੇ ਓਸਨੇ ਆਪਣੇ ਆਪ ਨੂੰ ਇਕ ਨਾਚੀਜ਼ ਕਿਰਤ ਦੀ ਥਾਂ, ਕਰਤੇ ਦਾ ਭਾਗ ਸਮਝ ਲਿਆ। ਡਰ, ਪਿਆਰ, ਪੂਜਾ ਦੇ ਸਾਰੇ ਜਜ਼ਬੇ ਏਕਤਾ ਦੇ ਨਵ-ਗਿਆਨ ਵਿਚ ਐਉਂ ਜਾ ਰਲੇ ਜਿਵੇਂ ਅਨੇਕਾਂ ਦਰਿਆ ਤੇ ਨਾਲੇ ਸਾਗਰ ਵਿਚ ।
ਰੱਬ ਸੰਬੰਧੀ ਭਿੰਨ ਭਿੰਨ ਵਿਚਾਰ ਮਨੁਖ ਆਤਮਾ ਦੇ ਵਿਕਾਸ ਦੀਆਂ ਭਿੰਨ ਭਿੰਨ ਅਵਸਥਾਆਂ ਹਨ । ਹਰੇਕ ਆਦਮੀ ਦਾ ਰੱਬ ਓਹਦੇ ਤਜਰਬੇ ਨਾਲ ਬਦਲਦਾ ਰਹਿੰਦਾ ਹੈ । ਸਾਡਾ ਰੱਬ ਸਾਡੀ ਸਰੀਰਕ ਦਿਮਾਗੀ ਤੇ ਆਤਮਕ ਅਵਸਥਾਆਂ ਦੀ ਸਿਖਰ ਹੈ । ਇਕ ਦੀ ਸਿਖਰ ਦੁਜੇ ਦੀ ਸਿਖਰ ਨਾਲੋਂ ਨੀਵੀਂ ਵੀ ਹੋ ਸਕਦੀ ਹੈ, ਤੇ ਤਜਰਬੇ ਨਾਲ ਉਚੇਰੀ ਵੀ ਹੋ ਸਕਦੀ ਹੈ । ਸਾਡਾ ਵਰਤਮਾਨ ਰੱਬ ਸਾਡੀ ਵਰਤਮਾਨ ਬੁਧੀ ਤੇ ਆਦਰਸ਼ ਦਾ ਨਾਪ ਹੈ। ਛੋਟੀ

੧੦੭