ਪੰਨਾ:Mere jharoche ton.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਢਿਲ ਹੈ, ਕਿ ਦੁਨੀਆਂ ਵਿਚੋਂ ਮੁਹਤਾਜੀ, ਬੀਮਾਰੀ ਤੇ ਗ਼ੁਲਾਮੀ ਉਡ ਜਾਣਗੀਆਂ ।
ਤੇ ਇਹ ਯਕੀਨ ਕਿ ਇਹੋ ਜਿਹੀ ਦੁਨੀਆਂ ਬਾਵਜੂਦ ਲੜਾਈਆਂ ਤੇ ਜਾਗੀਰਦਾਰੀ ਦੇ ਮਜ਼ਬੂਤ ਕਿਲ੍ਹਿਆਂ ਦੇ ਛੇਤੀ ਹੀ ਆਉਣ ਵਾਲੀ ਹੈ, ਤੇ ਉਸ ਦੁਨੀਆਂ ਵਿਚ ਮੈਂ ਆਪਣੇ ਮਨੋਰਥ ਦਾ ਹਰ ਭਾਗ ਪੂਰਾ ਹੁੰਦਾ ਵੇਖਾਂਗਾ - ਤੇ ਜੋ ਨਾ ਵੀ ਵੇਖ ਸਕਾਂ, ਤਾਂ ਵੀ ਮੇਰੀਆਂ ਬੰਦ ਹੁੰਦੀਆਂ ਅੱਖਾਂ ਵਿਚ ਉਹਦੀ ਪਹੁ ਫੁਟਦੀ ਹੋਵੇਗੀ।
ਤੇ ਇਹ ਯਕੀਨ ਮੈਨੂੰ ਤੋਰੀ ਲਿਜਾਣ ਲਈ ਕਾਫ਼ੀ ਹੈ, ਮੇਰਾ ਭਰੋਸਾ ਹੈ, ਕਿ ਮੇਰਾ ਹਰ ਅਮਲ, ਹਰ ਲਫ਼ਜ਼, ਹਰ ਖ਼ਿਆਲ ਮੇਰੀਆਂ ਰੀਝਾਂ ਦੀ ਦੁਨੀਆਂ ਨੂੰ ਨੇੜੇ ਲਿਆ ਰਿਹਾ ਹੈ ।

ਸਵਾਲ ੩. ਧਰਮ ਤੁਹਾਨੂੰ ਕੀ ਸਹਾਇਤਾ ਦੇਂਦਾ ਹੈ ?

ਉਤੱਰ :

ਜੇ ਧਰਮ ਤੋਂ ਭਾਵ ਕਿਸੇ ਖ਼ਾਸ ਅਵਤਾਰ, ਨਬੀ ਜਾਂ ਪੈਗੰਬਰ ੳੁਤੇ ਉਚੇਚਾ ਤੇ ਸਮੂਲਚਾ ਵਿਸ਼ਵਾਸ ਲਿਆਉਣ ਤੋਂ ਹੈ, ਜਾਂ ਕਿਸੇ ਖ਼ਾਸ ਮੰਦਿਰ ਮਸੀਤ ਵਿਚ ਜਾ ਕੇ ਨੀਯਤ ਸ਼ਬਦਾਂ ਵਿਚ ਨੀਯਤ ਤਰੀਕੇ ਨਾਲ ਪੂਜਾ ਕਰਨ ਤੋਂ ਹੈ, ਤਾਂ ਏਸ ਧਰਮ ਨੇ ਮੈਨੂੰ ਕੋਈ ਸਹਾਇਤਾ ਨਹੀਂ ਦਿਤੀ । ਬਚਪਨ ਤੋਂ ਹੀ ਮੈਨੂੰ ਸ਼ਕ ਪੈਣੇ ਸ਼ੁਰੂ ਹੋ ਗਏ ਸਨ, ਸਤਾਰਾਂ ਸਾਲ ਦੀ ਉਮਰ ਤਕ ਇਹਨਾਂ ਸ਼ੱਕਾਂ ਨੇ ਮੇਰਾ ਪਿਤ੍ਰੀ-ਭਰੋਸਾ ਬਿਲਕੁਲ ਮਿਸਮਾਰ ਕਰ ਦਿਤਾ ਸੀ। ਕਬੀਰ ਸਾਹਿਬ ਦੀ ਇਹ ਤੁਕ ਮੇਰੇ ਭਰੋਸੇ ਨੂੰ ਝੂਣ ਝੁਣ ਕੇ ਉਤਰ ਮੰਗਦੀ ਸੀ:
"ਹਿੰਦੂ ਤੁਰਕ ਕਹਾ ਤੇ ਆਇ ਕਿਨਿ ਏਹ ਰਾਹ ਚਲਾਈ ਦਿਲ ਮਹਿ ਸੋਚ ਵਿਚਾਰਿ ਕਵਾਜੇ ਭਿਸਤੁ ਦੋਜਕ

੧੩