ਪੰਨਾ:Mere jharoche ton.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆਂ, ਧਨ ਜੋੜਦਿਆਂ ਹੋਇਆਂ, ਮਾਇਕ ਸੁਖਾਂ ਤੇ ਮਾਣ ਵਡਿੱਤਣ ਲਈ ਕੋਝੇ ਯਤਨ ਕਰਦਿਆਂ ਹੋਇਆਂ ਵੀ ਰੱਬ ਨੂੰ ਖ਼ੁਸ਼ ਕਰਨ ਤੇ ਫਲ ਦੀ ਆਸ ਉਤੇ ਕੀਤਾ ਜਾ ਸਕਦਾ ਹੈ, ਮੇਰੇ ਅੰਦਰ ਕੋਈ ਕਦਰ ਪੈਦਾ ਨਹੀਂ ਕਰ ਸਕਿਆ । ਰੱਬ ਤੋਂ ਮੇਰਾ ਭਾਵ ਕੇਂਦਰੀ ਸ਼ਕਤੀ ਦਾ ਹੈ । ਏਸ ਸ਼ਕਤੀ ਨੂੰ ਨਿਰਸੰਦੇਹ ਮੇਰੀ ਪੂਜਾ ਦੀ ਕੋਈ ਲੋੜ ਨਹੀਂ, ਤੇ ਜਿਨੂੰ ਜਿਸ ਚੀਜ਼ ਦੀ ਲੋੜ ਨਾ ਹੋਵੇ, ਓਹਨੂੰ ਉਹ ਚੀਜ਼ ਦਿਤਿਆਂ, ਉਹ ਖ਼ੁਸ਼ ਨਹੀਂ ਹੋ ਸਕਦਾ, ਨਾ ਏਸ ਲਈ, ਦੇਣ ਵਾਲੇ ਦਾ ਕੁਝ ਸੌਰ ਸਕਦਾ ਹੈ । ਮੇਰੀ ਕਲਿਆਨ ‘ਓਹਨੂੰ' ਜਾਨਣ ਵਿਚ ਹੈ । ‘ਓਹਨੂੰ' ਪਛਾਨਣ ਵਿਚ ਹੈ । ਤੇ ਜਾਣ ਪਛਾਣ ਦਾ ਸਾਧਨ ਖੋਜ ਤੇ ਤਜਰਬਾ ਹੈ, ਨਿਰੀ ਪੂਜਾ ਨਹੀਂ। ਜਿਉਂ ਜਿਉਂ ਪਛਾਣ ਵਧਦੀ ਹੈ, ਠੰਡ, ਸ਼ਾਂਤੀ ਤੇ ਸਲਾਹਤਾ ਪ੍ਰਵੇਸ਼ ਕਰਦੇ ਜਾਂਦੇ ਹਨ, ਤੇ ਅਸਲੀ ਸਿਮਰਨ ਆਪਣੇ ਆਪ ਜਾਗਦਾ ਹੈ। ਸਿਮਰਨ ਨਾਲ 'ਓਹ’ ਪਛਾਣਿਆਂ ਨਹੀਂ ਜਾਂਦਾ, ਸਗੋਂ ਪਛਾਣ ਹੋ ਜਾਣ ਨਾਲ ਸਿਮਰਨ ਉਪਜਦਾ ਹੈ । ਹਿਮਾਲਿਆ ਦੀਆਂ ਗ਼ਾਰਾਂ ਵਿਚ ਹਜ਼ਾਰਾਂ ਸਾਲ ਜੀਉਂਦਾ ਰਹਿ ਕੇ ਪੂਜਾ ਸਿਮਰਨ ਕਰਕੇ ਲਿਵਲੀਨਤਾ ਪ੍ਾਪਤ ਕਰ ਲੈਣ ਵਿਚ ਮੈਨੂੰ ਕੋਈ ਲਾਭ ਨਹੀਂ ਦਿਸਦਾ। ਲਿਵਲੀਨਤਾ ਰੱਬ ਦੀ ਪ੍ਰਾਪਤੀ ਨਹੀਂ ਹੈ । ਮੈਂ ਇਕ ਨਾਸ਼ਤਕ ਪ੍ਰੋਫ਼ੈਸਰ ਨੂੰ ਜਾਣਦਾ ਹਾਂ, ਜਿਹੜਾ ਹਿਸਾਬ-ਵਿਦਿਯਾ ਵਿਚ ਏਸ ਤਰ੍ਹਾਂ ਲਿਵਲੀਨ ਸੀ, ਕਿ ਉਹਦੇ ਉਤੇ ਅੱਸੀ ਵਰ੍ਹੇ ਮਲਕੜੇ ਲੰਘ ਗਏ, ਓਹਨੂੰ ਬੁਢੇ ਹੋ ਜਾਣ ਦਾ ਪਤਾ ਵੀ ਨਾ ਲੱਗਾ। ਨਾ ਓਸ ਵਿਆਹ ਕਰਾਇਆ, ਨਾ ਓਹ ਕਿਸੇ ਹੋਰ ਮੂੰਹ ਵਿਚ ਫਸਿਆ, ਨਾ ਉਹਨੂੰ ਮਾਇਆ ਦੀ ਖਿੱਚ ਨੇ ਧੂਇਆ, ਨਾ ਵੈਰ, ਨਾ ਕਰੋਧ, ਨਾ ਹੰਕਾਰ ਓਹਦੇ ਨੇੜੇ ਫਟਕੇ, ਨਾ ਓਸ ਕਦੇ ਕਿਸੇ ਦਾ ਦਿਲ ਦੁਖਾਇਆ। ਓਹਦੇ ਚੇਹਰੇ ਉਤੇ ਉਹ ਮਾਸੂਮੀਅਤ ਵੇਖੀ ਜਾਂਦੀ ਸੀ, ਜਿਹੜੀ ਇਕ ਕੋਰੇ ਬੱਚੇ ਦੇ ਮੂੰਹ ਉਤੇ ਹੁੰਦੀ ਹੈ ।

੧੧੫