ਪੰਨਾ:Mere jharoche ton.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵੇਖਿਆ । ਦੋ ਹਸਤੀਆਂ ਨੇ ਮੇਰੇ ਉਤੇ ਬਹੁਤਾ ਅਸਰ ਪਾਇਆ ਹੈ, ਇਕ ਸ੍ਰ: ਰਘਬੀਰ ਸਿੰਘ ਜੀ ਤੇ ਦੂਜੀ ਮੇਰੀ ਦਾਦੀ ਜੀ ਨੇ । ਆਪਣੀ ਦਾਦੀ ਜੀ ਵਰਗੀ ਖੇਗ਼ਰਜ਼,ਪਿਆਰ ਕਰਨ ਵਾਲੀ ਤੇ ਹਰ ਕਿਸੇ ਨੂੰ ਆਪਣਾ ਦਿਲ ਦੇਣ ਵਾਲੀ ਇਸਤ੍ਰੀ ਹੋਰ ਕੋਈ ਮੇਰੇ ਜੀਵਨ ਵਿਚ ਨਹੀਂ ਆਈ। ਸ੍ਰ: ਰਘਬੀਰ ਸਿੰਘ ਜੀ ਦੇ ਦੋ ਵੱਡੇ ਨੁਕਤੇ ਦਿਆਨਤਦਾਰੀ ਤੇ ਸਚ ਬੋਲ ਸੀ। ਉਹਨਾਂ ਦੀ ਸੁਹਬਤ ਇਹਨਾਂ ਦੋਹਾਂ ਨੂੰ ਮੇਰਾ ਆਦਰਸ਼ ਬਨਾਣ ਦੀ ਖ਼ਾਮੋਸ਼ ਪ੍ਰੇਰਨਾ ਕਰਦੀ ਸੀ । ਮੈਂ ਕਮਸਟੇਟ ਦੀ ਉਪਰਲੀ ਆਮਦਨੀ ਦਾ ਲਾਭ ਨਹੀਂ ਸਾਂ ਉਠਾ ਸਕਦਾ, ਇਸ ਲਈ ਜਿਥੇ ਹੋਰ ਕਲਰਕ ਬੜੇ ਖੁਸ਼ਹਾਲ ਸਨ, ਮੈਂ ਬੜਾ ਤੰਗਦਸਤ ਸਾਂ। ਇਕ ਵਾਰੀ ਮੈਂ ਆਪਣੀ ਨੌਕਰੀ ਉਤੇ ਮਾਤਾ ਜੀ ਤੇ ਪਤਨੀ ਨੂੰ ਬੁਲਾ ਲਿਆ। ਉਹ ਚਾਰ ਮਹੀਨੇ ਮੈਂ ਕਈ ਵਾਰੀ ਰੋਇਆ, ਕਿਉਂਕਿ ਵਡਾ ਬਾਬੁ ਮੇਰੇ ਤੰਗਦਸਤੀ ਨੂੰ ਵੇਖ ਕੇ ਕਈ ਵਾਰੀ ਮੇਰੇ ਹਿਸੇ ਦੇ ਉਪਰਲੇ ਰੁਪਈਏ ਮੈਨੂੰ ਦੇਣ ਲਈ ਜ਼ੋਰ ਲਾਂਦਾ ਸੀ । ਓੜਕ ਮੈਂ ਸੋਚਿਆ ਕਿ ਨੌਕਰੀ ਛਡ ਕੇ ਹੋਰ ਪੜ੍ਹਾਈ ਕਰਕੇ ਕਿਸੇ ਚੰਗੇ ਰੁਜ਼ਗਾਰ ਲਈ ਯੋਗਤਾ ਪੈਦਾ ਕੀਤੇ ਬਿਨਾ ਮੈਨੂੰ ਅਮਨ ਨਹੀਂ ਮਿਲ ਸਕੇਗਾ। ਮਾਤਾ ਤੇ ਪਤਨੀ ਨੂੰ ਮੈਂ ਘਰ ਤੋਰ ਦਿੱਤਾ। ਲਗਾਤਾਰ ਸੋਚਿਆ । ਇਸ ਸਿਟੇ ਉਤ ਪਹੁੰਚਾ ਕਿ ਪਤਨੀ ਦੇ ਜ਼ੇ ਵਰ ਵੇਚ ਕੇ ਮੁੜ ਕਾਲਜ ਵਿਚ ਦਾਖ਼ਲ ਹੋਵਾਂ ਐਮ. ਏ. ਪਾਸ ਕਰ ਕੇ ਕਿਤੇ ਪ੍ਰੋਫ਼ੈਸਰ ਹੋ ਜਾਵਾਂ । ਇਹੀ ਨੌਕਰੀ ਮੈਨੂੰ ਸਖਾ ਸਕੇਗੀ। ਪਤਨੀ ਸਜ ਵਿਆਹੀ ਸੀ, ਡਰਦਾ ਸਾਂ, ਗਹਿਣਿਆਂ ਦਾ ਵਿਛੋੜਾ ਮਨਜ਼ੂਰ ਨਾ ਕਰੇਗੀ । ਮੈਂ ਇਕ ਨਾਵਲ ਲਿਖਿਆ ਇਹ ਮੇਰਾ ਪਹਿਲਾ ਜਤਨ ਸੀ, ਪਰ ਇਕ ਮਨੋਰਥ ਦੇ ਅਧੀਨ ਲਿਖਿਆ ਸੀ, ਇਸ ਲਈ ਅਸਰ ਤੋਂ ਖ਼ਾਲੀ ਨਹੀਂ ਸੀ । ਇਹ ਨਾਵਲ ਸੰਖਿਪਤ ਕਰਕੇ  ਪ੍ਰਿਤਮਾ ਦੀ ਕਹਾਣੀ ਦੀ ਸ਼ਕਲ ਵਿਚ ਪ੍ਰੀਤ ਲੜੀ ਵਿਚ ਛਪਿਆ ਸੀ। ਉਸ