ਪੰਨਾ:Mere jharoche ton.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}ਨੌਕਰੀ ਕਰਦੀ, ਪਬਲਿਕ ਟਰੈਮਾਂ ਬੱਸਾਂ ਵਿਚ ਸਫ਼ਰ ਕਰਦੀ ਇਸਤ੍ਰੀ ਦਾ ਅਖ਼ਲਾਕੀ ਮਿਆਰ ਉਹ ਨਹੀਂ ਹੋ ਸਕਦਾ, ਜੋ ਚਾਰ ਦੀਵਾਰੀ ਜਾਂ ਬੁਰਕੇ ਵਿਚ ਹੁੰਦਾ ਸੀ। ਅਜ ਜੇ ਕੋਈ ਨੌਜਵਾਨ ਆਪੀ ਉਠ ਕੇ ਇਸਤ੍ਰੀ ਨੂੰ ਥਾਂ ਦੇਂਦਾ ਹੈ, ਤਾਂ ਮੁਸਕ੍ਰਾਹਟ ਦਾ ਹੱਕਦਾਰ ਬਣ ਜਾਂਦਾ ਹੈ, ਜੇ ਉਹ ਡਿੱਗਾ ਰੁਮਾਲ ਜਾਂ ਡਿੱਗੀ ਕਿਤਾਬ ਫੜਾਂਦਾ ਹੈ, ਤਾਂ ਚੁਪ ਕਰਕੇ ਉਸ ਦੀ ਸੇਵਾ ਲੈ ਲੈਣਾ ਭਾਵੇਂ ਪਹਿਲੇ ਜ਼ਮਾਨੇ ਦੀ ਚੰਗੀ ਇਸਤ੍ਰੀਅਤ ਹੋਵੇ, ਅਜ ਦੀ ਨਹੀਂ। ਇਹ ਭੁਲੇਖਾ ਹੈ, ਕਿ ਇਸਤ੍ਰੀ ਮਰਦ ਦਾ ਇਕੱਠੇ ਹੋਣਾ ਸਦਾ ਕਾਮ-ਵਾਸ਼ਨਾ ਪੈਦਾ ਕਰਦਾ ਹੈ। ਜ਼ਰੂਰ ਕਰਦਾ ਹੈ, ਜਦੋਂ ਇਸਤ੍ਰੀ ਮਰਦ ਵਖੋ ਵਖ ਹਾਤਿਆਂ ਵਿਚ ਰਹਿੰਦੇ ਹੋਣ, ਤੇ ਕਦੇ ਇਤਫ਼ਾਕ ਨਾਲ ਇਕੱਠੇ ਹੋ ਜਾਣ। ਓਦੋਂ ਪਹਿਲਾਂ ਖ਼ਿਆਲ ਇਹੀ ਹੁੰਦਾ ਹੈ । ਪਰ ਮਿਲੇ ਜੁਲੇ ਜੀਵਨ ਵਿਚ ਇਸਤ੍ਰੀ ਮਰਦ ਦਾ ਸੋਸ਼ਲ ਮੇਲ ਜੋਲ ਸਰੀਰਕ ਤੇ ਮਾਨਸਕ ਵਿਕਾਸ ਦਾ ਵਧੀਆ ਜ਼ਿਰੀਆ ਹੈ। ਬਰੂਦ ਵਰਗੀ ਪਾਰਸਾਈ ਬੜੀ ਖ਼ਤਰਨਾਕ ਹੁੰਦੀ ਹੈ। ਪਤਾ, ਨਹੀਂ, ਕਿਹੜੇ ਵੇਲੇ ਕੋਈ ਚਿਣਗ ਆ ਡਿੱਗੇ ਤੇ ਸਾਰੇ ਦਾ ਸਾਰਾ ਮੇਗਜ਼ੀਨ ਭੜਕ ਉਠੇ। ਜੀਕਰ ਬਰੂਦ ਦਾ ਕੋਈ ਭਰੋਸਾ ਨਹੀਂ, ਉਕਰ ਇਕਲਿੰਗ ਪਾਰਸਾਈ ਦਾ ਭੀ ਭਰੋਸਾ ਕੋਈ ਨਹੀਂ ਕੀਤਾ ਜਾ ਸਕਦਾ। ਸਾਡੀਆਂ ਸਾਰੀਆਂ ਅਖ਼ਲਾਕੀ ਬੁਰਾਈਆਂ ਦਾ ਇਲਾਜ ਇਸਤ੍ਰੀ ਮਰਦਾਂ ਦਾ ਸੁਸਿਖਯਤ ਹੋ ਕੇ ਰੋਜ਼ਾਨਾ ਕਾਰ ਵਿਹਾਰ ਵਿਚ ਬੇਸੰਕੋਚ ਤੁਰਨਾ ਫਿਰਨਾ, ਬੋਲਣਾ, ਮਿਲਣਾ, ਹਸਣਾ, ਖੇਡਣਾ ਹੈ। ਵਿਚਾਰ ਦੀ ਦਲੇਰੀ ਦੀ ਲੋੜ ਹੈ। ਜਿੰਨਾਂ ਅਤੋਲਿਆ ਜ਼ੋਰ ਅਸੀਂ ਲਿੰਗ-ਅਖ਼ਲਾਕ ਉਤੇ ਦੇਵਾਂਗੇ, ਓਨਾ ਹੀ ਨਿਰਾਸਤਾ ਦਾ ਮੂੰਹ ਵੇਖਾਂਗੇ। ਜ਼ਿੰਦਗੀ ਨੂੰ ਕੁਦਰਤੀ ਬਣਾਓ। ਕੁਦਰਤੀ ਜਜ਼ਬਿਆ ਤੇ ਵਲਵਲਿਆਂ ਦੇ ਕੁਦਰਤ ਵਿਕਾਸ ਮੁਹੱਯਾ ਕਰੋ, ਜੀਵਨ ਵਗਦੀ ਨਦੀ ਦੀ ਤਰ੍ਹਾਂ ਨਿਰਮਲ ਹੋ ਜਾਏਗਾ।

੧੮੭