ਪੰਨਾ:Mere jharoche ton.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਮਾਨ ਪੈਦਾ ਕਰ ਲੈਂਦੇ ਹਾਂ। ਕਿਸੇ ਹੋਰ ਮੁਲਕ ਵਿਚ ਹਿੰਦੁਸਤਾਨ ਵਰਗੀ ਸ਼ਰਧਾ ਨਾਲ ਮਹਾਂ ਪੁਰਸ਼ਾਂ ਦੀ ਯਾਦ ਨਹੀਂ ਮਨਾਈ ਜਾਂਦੀ ਪਰ ਕੋਈ ਹੋਰ ਮੁਲਕ ਅਜ ਐਸਾ ਨਹੀਂ ਦਿਸਦਾ ਜਿਥੇ ਓਸ ਮਲਕ। ਦੇ ਮਹਾਂ ਪੁਰਸ਼ਾਂ ਦੀ ਯਾਦ ਏਡੀ ਬੇ-ਅਸਰ ਹੋਵੇ ਜੇਡੀ ਏਥੇ । ਰਾਮ ਵਰਗੇ ਮਹਾਂ ਪੁਰਸ਼ ਦੇ ਜਨਮ ਦਿਨ ਉਤੇ , ਲੜਾਈਆਂ ਹੁੰਦੀਆਂ ਹਨ, ਬਾਰਾਂ ਵਫ਼ਾਤ ਉਤੇ ਝਗੜੇ ਹੁੰਦੇ ਹਨ । ਕਿਉਂ ? ਕਿ ਅਸੀਂ ਮਹਾਂ ਪੁਰਸ਼ਾਂ ਨੂੰ ਸਮਝਣ ਨਾਲ ਕੋਈ ਵਾਸਤਾ ਨਹੀਂ ਰਖਦੇ, ਸਿਰਫ਼ ਉਹਨਾਂ ਦੀ ਪ੍ਰਸੱਤਸ਼ ਵਿਚੋਂ ਮਹਾਤਮ ਢੂੰਡਦੇ ਹਾਂ।

ਐਮਰਸਨ ਦੇ ਸ਼ਬਦਾਂ ਵਿਚ ਮਹਾਂ ਪੁਰਸ਼ ਉਹ ਸੂਰਮਾਂ ਹੈ ਜਿਹੜਾ ਸਾਡੀਆਂ ਅੱਖਾਂ ਵਿਚੋਂ ਹਉਮੈਂ ਦਾ ਪਾਣੀ ਵਗਾ ਕਢਦਾ ਹੈ, ਤੇ ਅਖਾਂ ਅਜੇਹੀਆਂ ਸਾਫ ਕਰ ਦੇਂਦਾ ਹੈ ਕਿ ਅਸੀਂ ਦੂਜੇ ਲੋਕਾਂ ਤੇ ਉਹਨਾਂ ਦੇ ਕੰਮਾਂ ਨੂੰ ਵੇਖ ਸਕਦੇ ਹਾਂ । ਜਿਸ ਪੁਰਸ਼ ਦੀ ਪੈਰਵੀ ਤੁਹਾਨੂੰ ਤੰਗ ਹਲਕਿਆਂ ਵਿਚ ਘੇਰ ਘੇਰ ਵਾੜੇ, ਘ੍ਰਿਣਾ ਪੈਦਾ ਕਰੇ ਦਲੀਲ ਨੂੰ ਘੂਰ ਘੂਰ ਚੁਪ ਕਰਾਵੇ, ਕਿਸੇ ਚਾਰ ਦੀਵਾਰੀ ਵਿਚ ਡਕ ਕੇ ਬਾਕੀ ਦੁਨੀਆਂ ਨਾਲ ਮੇਲ ਮੁਲਾਕਾਤ ਦੇ ਅਵਸਰ ਖੋਹ ਲਵੇ, ਜਾਣੋ ਉਹ ਮਹਾਂ ਪੁਰਸ਼ ਨਹੀਂ।

ਮਹਾਂ ਪੁਰਸ਼ ਉਹ ਹੈ, ਜਿਹੜਾ ਦੂਜਿਆਂ ਨੂੰ ਮਹਾਂ ਪੁਰਸ਼ ਬਣਾਨ ਵਿਚ ਕੁਦਰਤ ਦਾ ਹਥ ਵਟਾਵੇ । ਮਹਾਂ ਪੁਰਸ਼ ਮਨੁਖ ਨੂੰ ਭੇਡ-ਚਾਲ ਤੋਂ ਥਿੜਕਾ ਕੇ ਨਵੇਂ ਰਸਤਿਆਂ ਉਤੇ ਟਕਰਾਂ ਮਰਵਾ ਕੇ, ਉਹਦੇ ਵਿਚ ਖ਼ੁਦ ਮੁਖ਼ਤਾਰੀ ਪੈਦਾ ਕਰਦੇ ਹਨ। ਉਹਨੂੰ ਆਪਣੇ ਪੈਰਾਂ ਉਤੇ ਖੜੋਨ ਦੀ ਸਮ੍ਰਥਾ ਦੁਆਂਦੇ ਹਨ । ਮਹਾਂ ਪੁਰਸ਼ ਪੁਜਾਰੀ ਪੈਦਾ ਕਰਨ ਲਈ ਨਹੀਂ ਜਿਉਂਦੇ, ਸਗੋਂ ਪੁਜਾਰੀਆਂ ਦੀਆਂ ਅਖਾਂ ਬੁਤਾਂ ਤੋਂ ਹਟਾ ਕੇ ਅਸਲੀਅਤ ਵਲ ਪੁਆਣ ਲਈ । ਜਿਸ ਕਿਸੇ ਨੇ ਮਹਾ ਪਰਸ਼ ਦੀ ਹਾਜ਼ਰੀ ਵਿਚ ਖੜੋ ਕੇ ਵੇਖਿਆ ਹੈ, ਉਹ ਜਾਣਦਾ ਹੈ, ਕਿਵੇਂ ਸਿਜਦੇ ਕਰਨ ਵਾਲਾ ਸਿਰ ਆਕਾਸ਼ ਵਲ ਉਠਦਾ ਹੈ,

੨੦