ਪੰਨਾ:Mumu and the Diary of a Superfluous Man.djvu/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

38

ਮੂਮੂ

"ਕੁੱਤਾ, ਮਾਲਕਣ? ਕਿਹੜਾ ਕੁੱਤਾ, ਮਾਲਕਣ? ਸ਼ਾਇਦ ਉਹ ਬੋਲ਼ੇ-ਗੂੰਗੇ ਵਾਲਾ ਹੋਵੇਗਾ, ਮਾਲਕਣ?" ਸੇਵਾਦਾਰ ਨੇ ਕੰਬਦੀ ਆਵਾਜ਼ ਨਾਲ ਕਿਹਾ।

"ਮੈਂ ਕੁਛ ਨਹੀਂ ਜਾਣਦੀ," ਉਸ ਨੇ ਖਿਝ ਕੇ ਕਿਹਾ, "ਇਹ ਬੋਲ਼ੇ-ਗੂੰਗੇ ਦਾ ਹੈ ਜਾਂ ਕਿਸੇ ਹੋਰ ਦਾ। ਉਸ ਨੇ ਮੈਨੂੰ ਬਹੁਤ ਪ੍ਰੇਸ਼ਾਨ ਕਰ ਦਿੱਤਾ। ਮੈਂ ਹੈਰਾਨ ਹਾਂ ਕਿ ਘਰ ਦੇ ਆਲੇ-ਦੁਆਲੇ ਏਨੀ ਕਤੀੜ ਦੀ ਕੀ ਲੋੜ ਹੈ। ਕੀ ਇੱਥੇ ਕੋਈ ਰਾਖੀ ਲਈ ਪੱਕਾ ਕੁੱਤਾ ਨਹੀਂ ਹੈ? "

"ਬੇਸ਼ੱਕ, ਮਾਲਕਣ, ਹੈ। ਵੋਲਚੋਕ, ਮਾਲਕਣ।"

"ਤਾਂ ਫਿਰ, ਸਾਨੂੰ ਹੋਰ ਕੁੱਤਿਆਂ ਦੀ ਕੀ ਲੋੜ ਹੈ? ਘਰ ਵਿਚ ਐਵੇਂ ਗਾਹ ਹੀ ਪੈਂਦਾ ਹੈ, ਬਸ ਹੋਰ ਕੀ। ਘਰ ਵਿਚ ਕੋਈ ਮਾਲਕ ਨਹੀਂ ਹੈ ਅਤੇ ਲੋਕ ਹਰ ਤਰ੍ਹਾਂ ਦੀ ਖੁੱਲ੍ਹ ਲੈਂਦੇ ਹਨ। ਬੋਲ਼ੇ-ਗੁੰਗੇ ਨੇ ਕੁੱਤਾ ਕੀ ਕਰਨਾ ਹੈ? ਉਸ ਨੂੰ ਰੱਖ ਲੈਣ ਦੀ ਇਜਾਜ਼ਤ ਕਿਸ ਨੇ ਦਿੱਤੀ? ਕੱਲ੍ਹ ਹੀ ਮੈਂ ਦੇਖਿਆ ਕਿ ਉਹ ਕੋਈ ਗੰਦੀ ਜਿਹੀ ਚੀਜ਼ ਸਾਡੇ ਬਗ਼ੀਚੇ ਵਿਚ ਲੈ ਆਈ ਸੀ ਅਤੇ ਐਨ ਉੱਥੇ ਬੈਠੀ ਚਬੋਲ਼ ਰਹੀ ਸੀ ਜਿੱਥੇ ਮੇਰੇ ਗੁਲਾਬ ਲਾਏ ਹੋਏ ਹਨ।" ਉਹ ਕੁਝ ਪਲ ਚੁੱਪ ਹੋ ਗਈ ਤੇ ਫਿਰ ਕਿਹਾ:"ਉਸ ਨੂੰ ਅੱਜ ਹੀ ਇੱਥੋਂ ਕੱਢ ਦਿਓ। ਸੁਣੀ ਮੇਰੀ ਗੱਲ?"

"ਠੀਕ ਹੈ, ਮਾਲਕਣ।"

"ਅੱਜ ਹੀ, ਮੈਂ ਆਖਦੀ ਹਾਂ! ਹੁਣ ਜਾ। ਮੈਂ ਬਾਅਦ ਵਿਚ ਤੇਰੇ ਕੋਲੋਂ ਕੰਮ ਦੀ ਖ਼ਬਰ ਲਵਾਂਗੀ।" ਗਾਵਰੀਲੋ ਬਾਹਰ ਨਿਕਲ ਗਿਆ।

ਦਲਾਨ ਲੰਘ ਜਾਣ ਤੋਂ ਬਾਅਦ ਉਸ ਨੇ ਕਾਲ-ਬੈੱਲ ਇਕ ਮੇਜ਼ ਤੋਂ ਚੁੱਕ ਕੇ ਦੂਜੀ ਮੇਜ਼ 'ਤੇ ਰੱਖ ਦਿੱਤੀ। ਦਰਵਾਜ਼ੇ 'ਤੇ ਪਹੁੰਚ ਕੇ ਉਸ ਨੇ ਆਪਣਾ ਮਿੱਡਾ ਨੱਕ ਬੜੀ ਇਤਤਿਹਾਤ ਨਾਲ ਛਿਣਕਿਆ ਅਤੇ ਹਾਲ ਕਮਰੇ ਵਿਚ ਚਲਾ ਗਿਆ। ਉੱਥੇ ਸਟੇਪਨ ਬੈਂਚ 'ਤੇ ਸੁੱਤਾ ਪਿਆ ਸੀ। ਲੜਾਈ ਦੇ ਮੈਦਾਨ ਵਿਚ ਇਕ ਮਰੇ ਹੋਏ ਯੋਧੇ ਦੀ ਤਰ੍ਹਾਂ ਉਸ ਦੀ ਸ਼ਕਲ ਬਣੀ ਹੋਈ ਸੀ, ਜਿਵੇਂ ਇਕ ਤਸਵੀਰ ਵਿਚ ਦਰਸਾਈ ਗਈ ਹੋਵੇ। ਉਸ ਦੇ ਨੰਗੇ ਪੈਰ ਰਜਾਈ ਦੇ ਰੂਪ ਵਿਚ ਵਰਤੇ ਉਸ ਦੇ ਕੋਟ ਦੇ ਹੇਠੋਂ ਬਾਹਰ ਨਿਕਲੇ ਹੋਏ ਸਨ। ਗਵਰੀਲੋ ਨੇ ਉਸ ਨੂੰ ਝੂਣਿਆ ਅਤੇ ਦੱਬੀ ਜਿਹੀ ਆਵਾਜ਼ ਵਿਚ ਕੁਝ ਹੁਕਮ ਦਿੱਤੇ, ਜਿਨ੍ਹਾਂ ਦਾ ਜਵਾਬ ਉਸ ਨੇ ਅੱਧਾ ਕੁ ਹਾਸੇ ਅਤੇ ਅੱਧਾ ਕੁ ਉਬਾਸੀ ਨਾਲ ਦਿੱਤਾ। ਉਸ ਨੇ ਤੇਜ਼ੀ ਨਾਲ ਆਪਣੇ ਬੂਟ ਅਤੇ ਕੋਟ ਪਹਿਨ ਲਏ ਅਤੇ ਬਾਹਰ ਪੋਰਚ ਵਿਚ ਤੈਨਾਤ ਹੋ ਗਿਆ।