ਪੰਨਾ:Mumu and the Diary of a Superfluous Man.djvu/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

40

ਮੂਮੂ

ਅਤੇ ਫਿਰ ਹਵਾ ਵਿਚ ਆਪਣੀ ਉਂਗਲੀ ਨਾਲ ਉਸ ਦੀ ਰੂਪ ਰੇਖਾ ਉਲੀਕਦਾ। ਮੂਮੂ ਦੀਆਂ ਹਰਕਤਾਂ ਅਤੇ ਭੌਂਕਣ ਦੀ ਹੂ-ਬ-ਹੂ ਨਕਲ ਉਤਾਰ ਕੇ ਦੱਸਦਾ। ਕੁਝ ਨੂੰ ਸੱਚ ਪਤਾ ਸੀ ਕਿ ਮੁਮੂ ਦਾ ਕੀ ਬਣਿਆ ਪਰ ਕੋਈ ਵੀ ਇਸ ਬਾਰੇ ਉਸ ਨੂੰ ਦੱਸਦਾ ਨਹੀਂ ਸੀ। ਉਹ ਸਿਰਫ਼ ਉਦਾਸ ਜਿਹਾ ਮੁਸਕਰਾਉਂਦੇ ਅਤੇ ਉਸ ਦੀ ਚਿੰਤਾਤੁਰ ਪੁੱਛਗਿੱਛ ਦੇ ਜਵਾਬ ਵਿਚ ਆਪਣੇ ਮੋਢੇ ਹਿਲਾ ਦਿੰਦੇ ਸਨ ਜਦੋਂ ਉਸ ਨੇ ਆਪਣੇ ਇਸ਼ਾਰਿਆਂ ਨਾਲ ਸੇਵਾਦਾਰ ਨੂੰ ਪੁੱਛਣ ਲੱਗਿਆ, ਤਾਂ ਉਸ ਨੇ ਬੜਾ ਰੋਹਬਦਾਰ ਅੰਦਾਜ਼ ਧਾਰ ਲਿਆ ਅਤੇ ਕੋਚਵਾਨ ਨੂੰ ਝਿੜਕਣ ਲੱਗ ਪਿਆ। ਗਰਾਸੀਮ ਫਿਰ ਆਪਣੀ ਮੂਮੂ ਦੀ ਭਾਲ ਵਿਚ ਸੜਕ ਵੱਲ ਚਲਾ ਗਿਆ।

ਸ਼ਾਮ ਹੋ ਚੁੱਕੀ ਸੀ ਜਦੋਂ ਉਹ ਘਰ ਪਰਤਿਆ। ਉਸ ਦੇ ਥੱਕੇ ਹਾਰੇ ਰੂਪ, ਉਸ ਦੀ ਅਲਸਾਈ ਜਿਹੀ ਚਾਲ ਅਤੇ ਸਿਰ ਤੋਂ ਪੈਰਾਂ ਤੱਕ ਚੜ੍ਹੀ ਧੂੜ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਉਸ ਨੇ ਮੂਮੂ ਦੀ ਤਲਾਸ਼ ਲਈ ਪੂਰਾ ਸ਼ਹਿਰ ਛਾਣ ਮਾਰਿਆ ਸੀ ਜਦੋਂ ਉਹ ਵਾਪਸ ਆਇਆ ਤਾਂ ਵਿਹੜੇ ਵਿਚ ਪਰਿਵਾਰ ਦੇ ਕਈ ਵਿਅਕਤੀ ਸਨ। ਉਸ ਨੇ ਉਨ੍ਹਾਂ ਵੱਲ ਰੁਖ਼ ਕੀਤਾ ਅਤੇ ਕਿਹਾ "ਮੂਮੂ", ਪਰ ਉਹ ਉਸ ਨੂੰ ਜਵਾਬ ਨਹੀਂ ਦੇ ਸਕੇ। ਉਸ ਨੇ ਮਾਲਕਣ ਦੇ ਰਿਹਾਇਸ਼ੀ ਮਕਾਨ ਦੀਆਂ ਖਿੜਕੀਆਂ ਵੱਲ ਦੇਖਿਆ, ਮੁੜ ਕੁਝ ਉਚਾਰਿਆ ਅਤੇ ਆਪਣੇ ਕਮਰੇ ਵਿਚ ਚਲਾ ਗਿਆ। ਉਹ ਉਸ ਨੂੰ ਦੇਖਦੇ ਰਹੇ ਪਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਤੇ ਨਾ ਕੋਈ ਹੱਸਿਆ। ਕੋਚਵਾਨ ਅੰਤਿਪਕਾ ਨੇ ਅਗਲੇ ਦਿਨ ਦੱਸਿਆ ਕਿ ਉਸ ਨੇ ਉਤਸੁਕਤਾ ਕਾਰਨ ਦੇਖਦਾ ਰਿਹਾ ਕਿ ਗਰਾਸੀਮ ਸਾਰੀ ਰਾਤ ਜਾਗਦਾ ਰਿਹਾ ਸੀ। ਆਪਣੇ ਮੰਜੇ 'ਤੇ ਉੱਸਲਵੱਟੇ ਲੈਂਦਾ ਰਿਹਾ ਅਤੇ ਡੂੰਘੇ ਸਾਹ ਭਰਦਾ ਰਿਹਾ ਸੀ।

ਗਰਾਸੀਮ ਅਗਲੇ ਦਿਨ ਆਪਣੀ ਕੋਠੜੀ ਵਿਚੋਂ ਨਾ ਨਿਕਲਿਆ ਅਤੇ ਅੰਤਿਪਕਾ ਨੂੰ ਨਦੀ ਤੋਂ ਪਾਣੀ ਲਿਆਉਣਾ ਪਿਆ ਸੀ ਜਿਸ ਦੀ ਉਸ ਨੂੰ ਭਾਰੀ ਸ਼ਿਕਾਇਤ ਸੀ। ਮਾਲਕਣ ਨੇ ਸੇਵਾਦਾਰ ਤੋਂ ਪੁੱਛਿਆ ਕਿ, ਕੀ ਉਸ ਦੇ ਹੁਕਮ ਦੀ ਤਾਮੀਲ ਹੋ ਗਈ ਹੈ, ਤਾਂ ਸੇਵਾਦਾਰ ਨੇ ਹਾਂ ਵਿਚ ਪੁਸ਼ਟੀ ਕੀਤੀ।

ਅਗਲੇ ਦਿਨ ਗਰਾਸੀਮ ਨੇ ਆਪਣਾ ਕੰਮ ਆਮ ਵਾਂਗ ਹੀ ਕੀਤਾ ਪਰ ਉਸ ਨੇ ਵਿਹੜੇ ਵਿਚ ਜਾਂ ਖਾਣੇ ਦੀ ਮੇਜ਼ ਤੇ ਕਿਸੇ ਨਾਲ ਦੁਆ ਸਲਾਮ ਨਹੀਂ ਕੀਤਾ। ਉਸ ਦਾ ਚਿਹਰਾ ਜੋ ਅਕਸਰ ਸ਼ਾਂਤ ਸਹਿਜ ਅਤੇ ਬੇਪਰਵਾਹ ਹੁੰਦਾ ਸੀ ਜਿਹੜਾ ਕਿ ਹੁਣ ਇਕ ਪੱਥਰ ਵਰਗਾ ਲੱਗਦਾ ਸੀ। ਰਾਤ ਦੇ ਖਾਣੇ ਦੇ ਬਾਅਦ ਉਹ ਫਿਰ ਬਾਹਰ ਚਲਾ ਗਿਆ ਪਰ ਉਹ ਛੇਤੀ ਹੀ ਵਾਪਸ ਆ ਗਿਆ ਅਤੇ ਕੱਖਾਂ ਵਾਲੇ ਕੋਠੇ ਵਿੱਚ ਕੱਖਾਂ ਦੀ ਇਕ ਢੇਰੀ 'ਤੇ ਪੈ ਗਿਆ।