ਪੰਨਾ:Mumu and the Diary of a Superfluous Man.djvu/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

46

ਮੂਮੂ

ਉਹ ਤੁਹਾਡੀ ਆਵਾਜ਼ ਸੁਣੇਗਾ?" ਥੱਲੇ ਖੜ੍ਹਾ ਕੋਚਵਾਨ ਬੋਲਿਆ।

ਸਾਰੀ ਭੀੜ ਹੱਸ ਪਈ।

"ਹੁਣ ਕੀ ਕੀਤਾ ਜਾਵੇ?" ਆਪਣਾ ਸਿਰ ਖੁਰਚਦੇ ਹੋਏ ਗਵਰੀਲੋ ਨੇ ਕਿਹਾ।

"ਉਸ ਦੇ ਦਰਵਾਜ਼ੇ 'ਤੇ ਇਕ ਮੋਰੀ ਹੈ," ਸਟੇਪਨ ਫਿਰ ਬੋਲਿਆ। "ਆਪਣੀ ਸੋਟੀ ਉਸ ਵਿਚ ਪਾ ਦਿਓ ਅਤੇ ਅੰਦਰ ਹਿਲਾਓ।" ਉਸ ਨੇ ਕਿਹਾ।

ਗਵਰੀਲੋ ਮੋਰੀ ਦੇਖਣ ਲਈ ਝੁਕਿਆ।

"ਉਸ ਨੇ ਇਕ ਪੁਰਾਣੇ ਕੋਟ ਨਾਲ ਇਸ ਨੂੰ ਬੰਦ ਕਰ ਰੱਖਿਆ ਹੈ।" ਉਸ ਨੇ ਕਿਹਾ।

"ਕੋਟ ਨੂੰ ਆਪਣੀ ਸੋਟੀ ਦੇ ਨਾਲ ਅੰਦਰ ਧੱਕੋ," ਕੋਚਵਾਨ ਨੇ ਸੁਝਾਅ ਦਿੱਤਾ।

ਇੱਥੇ ਇਕ ਵਾਰ ਫਿਰ ਮੁੂਮੂ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ।

"ਚੁੱਪ, ਚੁੱਪ! ਉਹ ਆਪਣੇ ਆਪ ਨੂੰ ਜ਼ਾਹਿਰ ਕਰ ਰਹੀ ਹੈ!" ਭੀੜ ਵਿਚੋਂ ਕਿਸੇ ਨੇ ਟਿੱਪਣੀ ਕੀਤੀ। ਉਹ ਸਾਰੇ ਹੱਸ ਪਏ। ਸੋਚੀਂ ਪਿਆ ਗਵਰੀਲੋ ਆਪਣੇ ਕੰਨ ਦੇ ਪਿੱਛੇ ਖੁਰਕਣ ਲੱਗਾ।

"ਨਹੀਂ, ਦੋਸਤ!" ਉਸ ਨੇ ਕਿਹਾ," ਜੇ ਤੁਸੀਂ ਕੋਟ ਅੰਦਰ ਧੱਕਵਾਉਣਾ ਚਾਹੁੰਦੇ ਹੋ ਤਾਂ ਜਾਓ ਅਤੇ ਇਸ ਨੂੰ ਆਪ ਧੱਕ ਦਿਓ।"

"ਕਿਉਂ ਨਹੀਂ? ਮੈਂ ਇਹ ਕਰਾਂਗਾ।"

ਸਟੇਪਨ ਅੱਗੇ ਵਧਿਆ। ਉਸ ਨੇ ਕੋਟ ਨੂੰ ਧੱਕ ਦਿੱਤਾ ਅਤੇ ਆਪਣੀ ਸੋਟੀ ਘੁਮਾਉਣ ਲੱਗਾ," ਆ ਜਾ, ਬਾਹਰ ਆ ਜਾ!" ਜਦੋਂ ਉਹ ਦਲੇਰੀ ਨਾਲ ਇਹ ਕੰਮ ਕਰ ਰਿਹਾ ਸੀ। ਦਰਵਾਜ਼ਾ ਖੁੱਲ੍ਹ ਗਿਆ ਅਤੇ ਇਸ ਵਿਚ ਗਰਾਸੀਮ ਦੀ ਵਿਸ਼ਾਲ ਦੇਹ ਦਿਖਾਈ ਦਿੱਤੀ। ਪੂਰੀ ਭੀੜ ਪਿੱਛੇ ਨੂੰ ਲੁੜ੍ਹਕ ਗਈ। ਗਵਰੀਲੋ ਸਭ ਤੋਂ ਮੂਹਰੇ ਸੀ। ਅੰਕਲ ਖਵੋਸਤ ਨੇ ਆਪਣੀ ਖਿੜਕੀ ਤੁਰੰਤ ਬੰਦ ਕਰ ਦਿੱਤੀ।

"ਟਾ-ਟਾ-ਟਾ," ਪਿੱਛੇ ਹੱਟਦੇ ਗਵਰੀਲੋ ਨੇ ਕਿਹਾ। "ਦੇਖ, ਮੇਰੇ ਪਿਆਰੇ, ਇੱਧਰ ਦੇਖ!

"ਗਰਾਸੀਮ ਦਰਵਾਜ਼ੇ ਦੇ ਇਕ ਥੰਮ੍ਹ ਦੀ ਤਰ੍ਹਾਂ ਖੜ੍ਹਾ ਸੀ, ਅਹਿੱਲ ਅਤੇ ਸਿੱਧਾ। ਪੱਟ 'ਤੇ ਹੱਥ ਰੱਖਿਆ ਹੋਣ ਕਰ ਕੇ ਉਸ ਦੀ ਸੱਜੀ ਬਾਂਹ ਥੋੜੀ ਜਿਹੀ ਮੁੜੀ ਹੋਈ ਸੀ। ਉਸ ਨੇ ਕਿਸਾਨਾਂ ਵਾਂਗ ਖੁੱਲ੍ਹਾ ਜਿਹਾ ਲਾਲ ਝੱਗਾ ਪਾਇਆ ਹੋਇਆ ਸੀ ਅਤੇ ਉਹ ਥੱਲੇ ਖੜ੍ਹੀ ਛੋਟੇ-ਛੋਟੇ ਕੱਦ ਦੇ ਕਮਜ਼ੋਰ ਲੋਕਾਂ ਦੀ ਭੀੜ ਦੇ ਅੱਗੇ ਸੱਚਮੁਚ ਦਿਓ ਲੱਗ ਰਿਹਾ ਸੀ। ਗਵਰੀਲੋ ਨੇ ਆਖ਼ਿਰ ਹਿੰਮਤ ਕੀਤੀ ਅਤੇ ਇਕ ਕਦਮ ਅੱਗੇ ਵਧਾਇਆ।