ਸਮੱਗਰੀ 'ਤੇ ਜਾਓ

ਪੰਨਾ:Nishani.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿ ।ਸ਼ਾ ।ਨੀ

ਕਰਮਾਂ-ਮਾਰਿਆ ਹੀ ਕਰਦਾ ਹੋਣਾ ਹੈ। ਗ਼ਰੀਬੀ, ਕਾਲ਼ ਦੇ ਮਾਰੇ ਜਾਂ ਕਤਲ ਧਾੜਾ ਕਰਕੇ ਲੋਕ ਜੱਦੀ ਥਾਂ ਛੱਡ ਕੇ ਕਿਸੇ ਹੋਰ ਥਾਂ ਜਾ ਵੱਸਦੇ ਸਨ। ਫੇਰ ਫ਼ਰੰਗੀ ਆ ਵੜੇ। ਪੰਜਾਬੀਆਂ ਨੇ ਪਹਲੀ ਵਾਰ ਪਿਛਲੀ ਸਦੀ ਦੇ ਅਖ਼ੀਰ ਵਿਚ ਬਰਮਾ ਵਲ ਮੂੰਹ ਕੀਤਾ ਸੀ। ਲੋਕਗੀਤ ਗਵਾਹ ਹੈ:

ਨਾ ਜਾ ਬਰਮਾ ਨੂੰ ਲੇਖ ਜਾਣਗੇ ਨਾਲ਼ੇ

ਸ਼ਹਰ ਚੱਲੀਏ ਮਜੂਰੀ ਲੱਭੀਏ, ਪਿੰਡਾਂ ਵਿਚ ਭੰਗ ਭੁੱਜਦੀ

ਪੂਰਬੀ ਅਫ਼ਰੀਕਾ ਤੇ ਚੀਨ, ਧੁਰ ਪੂਰਬ ਤੇ ਕਨੇਡਾ ਅਮਰੀਕਾ ਵਿਚ ਜਾ ਕੇ ਵਸਿਆਂ ਪੰਜਾਬੀਆਂ ਨੂੰ ਇਕ ਸਦੀ ਹੋ ਗਈ ਹੈ। ਹਾਲੇ ਵੀ ਪੰਜਾਬ ਦੀਆਂ ਗਲੀਆਂ ਸੁੰਨੀਆਂ ਹੋਣੋਂ ਨਹੀਂ ਹਟੀਆਂ। ਦੁਆਬੇ ਨੂੰ ਕੋਈ ਸਰਾਪ ਲੱਗਾ ਹੈ।

ਪੀਲੀ ਮਿੱਟੀ ਆ ਜਲੰਧਰਾਂ ਦੀ
ਮਾਈਆ ਪਰਦੇਸ ਗਿਆ, ਸੁੰਨ ਪੈ ਗਈ ਅੰਦਰਾਂ ਦੀ

ਮੇਰੇ ਪਿਤਾ ਗੋਪਾਲ ਸਿੰਘ ਤੀਹ ਕੁ ਸਾਲਾਂ ਦੇ ਸੀ, ਜਦ ਇਹ ਸੰਨ 1929 ਵਿਚ ਪਹਲੀ ਵਾਰ ਈਸਟ ਅਫ਼ਰੀਕਾ ਗਏ ਸੀ। ਓਦੋਂ ਦੀ ਲਿਖੀ ਇਨ੍ਹਾਂ ਦੀ ਵਿਥਿਆ ਮੈਂ ਸਾਂਭ-ਸਾਂਭ ਰੱਖੀ ਹੈ। ਮੇਰੇ ਪਿਤਾ ਦਾ ਸੁਭਾਅ ਬੜਾ ਜਜ਼ਬਾਤੀ ਸੀ। ਇਨ੍ਹਾਂ ਵਰਗਾ ਗੁਰਮੁਖ ਮੈਂ ਕੋਈ ਵਿਰਲਾ ਹੀ ਦੇਖਿਆ ਹੈ। ਇਸ ਵਿਥਿਆ ਦੀ ਸਾਦਗੀ ਦੇਖਣ ਵਾਲ਼ੀ ਹੈ। ਉੱਤਮ ਕਲਾ ਓਹੀ ਹੁੰਦੀ ਹੈ, ਜਿਸਦਾ ਭਾਵ ਉਹਦੇ ਰੂਪ ਵਿਚ ਹੀ ਸਮੋਇਆ ਹੋਏ; ਬਾਹਰ ਨਾ ਡੁਲ੍ਹਦਾ ਫਿਰੇ।

ਲੋਕਗੀਤਾਂ ਦੀ ਸਿਰਜਕ ਔਰਤ ਹੁੰਦੀ ਹੈ। ਪਰਦੇਸੀਂ ਤੁਰਦੇ ਮਰਦ ਨਾਲ਼ ਤੀਵੀਂ ਹੀ ਗੱਲਾਂ ਕਰਦੀ ਹੈ। ਮਰਦ ਅੱਗੋਂ ਚੁੱਪ ਰਹਿੰਦਾ ਹੈ। ਰੋਣਾ ਮਰਦਾਨਗੀ ਨਹੀਂ ਸਮਝੀ ਜਾਂਦੀ। ਮੇਰੇ ਪਿਤਾ ਦੀ ਇਸ ਵਿਥਿਆ ਵਿਚ ਮੇਰੀ ਮਾਂ ਦਾ ਨਾਂ ਹੀ ਨਹੀਂ। ਪਿਤਾ ਨੇ ਅਪਣੀ ਮਾਂ ਦਾ ਨਾਂ ਨਹੀਂ ਲਿਆ। 4