ਸਮੱਗਰੀ 'ਤੇ ਜਾਓ

ਪੰਨਾ:Nishani.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿ । ਸ਼ਾ । ਨੀ


ਸੋਵੀਅਤ ਯੂਨੀਅਨ ਜਾਣ ਦਾ ਬੜੇ ਲੋਕ ਸੁਫ਼ਨਾ ਲੈਂਦੇ ਹੁੰਦੇ ਸੀ। ਮੇਰਾ ਇਹ ਸੁਫ਼ਨਾ 1989 ਵਿਚ ਓਥੇ ਗਏ ਦਾ ਟੁੱਟਾ। ਕਿਤੇ ਵੀ ਖੇੜਾ ਨਜ਼ਰ ਨਾ ਆਇਆ ਤੇ ਨਾ ਰੌਣਕ। ਓਦੋਂ ਦੇ ਸਫ਼ਰ ਦੀਆਂ ਖਿੱਚੀਆਂ ਤਸਵੀਰਾਂ ਜਦ ਕਦੇ ਦੇਖਦਾ ਹਾਂ, ਤਾਂ ਹੌਲ ਪੈਣ ਲਗਦਾ ਹੈ। ਇਨ੍ਹਾਂ ਵਿਚ ਇਕ ਤਸਵੀਰ ਸੇਂਟ ਪੀਟਰਸਬਰਗ ਦੇ ਟਾਪੂ ਵਿਚ ਬਣੇ ਪੀਟਰ ਪਾਲ ਕਿਲੇ ਵਿਚ ਦੀ ਹੈ, ਜਿਸ ਵਿਚ ਮੈਂ ਬੌਂਦਲਿਆ ਹੋਇਆ ਕੈਮਰੇ ਵਲ ਝਾਕ ਰਿਹਾ ਹਾਂ | ਪੀਟਰ ਪਾਲ ਕਿਲਾ ਜ਼ਾਰਸ਼ਾਹੀ ਦੇ ਵੇਲੇ ਦਾ ਕਾਲ਼ਾਪਾਣੀ ਹੁੰਦਾ ਸੀ| ਹੁਣ ਓਥੇ ਕੈਦੀ ਨਹੀਂ, ਟੂਰਿਸਟ ਜਾਂਦੇ ਹਨ| ਯੂਰਪ ਦੇ ਕਿਲਿਆਂ ਵਰਗਾ ਕਿਲਾ ਹੈ| ਅਨ੍ਹੇਰਾ ਡਿਓੜੀ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਜੇਲਰ ਦੇ ਦਫ਼ਤਰ ਵਿਚ ਹੱਥਕੜੀਆਂ, ਬੇੜੀਆਂ, ਕੈਦੀਆਂ ਦੇ ਫ਼ਾਂਸੀ ਦੇ ਵਾਰੰਟ ਸਜਾ ਕੇ ਰੱਖੇ ਹੋਏ ਹਨ| ਪੌੜੀਆਂ ਚੜ੍ਹ ਕੇ ਕਾਲ਼-ਕੋਠੜੀਆਂ ਦੀ ਪਾਲ਼ ਹੈ| ਇਕ ਕੋਠੜੀ ਦੇ ਬਾਹਰ ਲਿਖਿਆ ਸੀ: ਇਥੇ ਅਲੈਗਜ਼ਾਂਦਰ ਉਲੀਆਨੋਫ਼ [ਲੇਨਿਨ ਦਾ ਵੱਡਾ ਭਾਈ] ਕੈਦ ਰਿਹਾ| ਇਹ ਏਸੇ ਜੇਲ ਵਿਚ ਫਾਹੇ ਲੱਗਾ ਸੀ। ਲਾਗਲੀ ਕੋਠੜੀ ਦੇ ਬਾਹਰ ਗੋਰਕੀ ਦਾ ਵੇਰਵਾ ਸੀ ਕਿ ਉਹਨੇ 1905 ਦੇ ਇਨਕਲਾਬ ਵੇਲੇ ਇਥੇ ਕੈਦ ਕੱਟੀ। ਗੋਰਕੀ ਦੇ ਨਾਂ ਨਾਲ਼ ਹੀ ਸਰੀਰ ਵਿਚ ਝੁਣਝੁਣੀ ਫਿਰ ਗਈ| ਨਿੱਕੀ ਉਮਰ ਵਿਚ ਇਹਦੀ ਪਹਲੀ ਪੜ੍ਹੀ ਕਿਤਾਬ ਮੇਰਾ ਬਚਪਨ ਦੀ ਮਹਕ ਯਾਦ ਆ ਗਈ। ਹਿਮਾਚਲ ਵਿਚ ਮੱਕੀ ਪੈਲ਼ੀ ਗੁੱਡਦਾ ਬੁੜ੍ਹਾ ਯਾਦ ਆਇਆ, ਜਿਹਨੇ ਮਾਂ ਨਾਵਲ ਪੜ੍ਹਿਆ ਹੋਇਆ ਸੀ।

ਕੋਠੜੀ ਤਾਂ ਖ਼ਾਲੀ ਸੀ। ਇਤਿਹਾਸ ਬਣੀ ਥਾਂ ਇਸੇ ਤਰ੍ਹਾਂ ਖ਼ਾਲੀ ਹੁੰਦੀ ਹੈ। ਘਰ ਦੀ ਦੱਖਣ ਬੜੀ ਵੱਖਰੀ ਹੁੰਦੀ ਹੈ- ਇਹ ਧੁੰਦ ਵਾਂਙ ਲਟਕਦੀ ਹੈ। ਕੈਦ ਦੀ ਸੱਖਣ ਪਥਰੀਲੀ ਹੁੰਦੀ ਹੈ| ਕੰਧ ਵਿਚ ਲੋਹੇ ਦਾ ਮੰਜਾ ਤੇ ਮੇਜ਼ ਜੜਿਆ ਹੋਇਆ ਸੀ; ਮੇਜ਼ ਦੇ ਉੱਤੇ ਬਿਜਲੀ ਦੇ ਲਾਟੂ ਦਾ ਆਲ਼ਾ| ਹੱਗਣ ਮੂਤਣ ਲਈ ਖੂੰਜੇ ਵਿਚ ਰੱਖੀ ਬਾਲ਼ਟੀ। ਸਿਰ ਤੋਂ ਉਤਾਂਹ ਦੋਹਰੇ ਜੰਗਲ਼ਿਆਂ ਵਾਲ਼ਾ ਰੋਸ਼ਨਦਾਨ। ਕੈਦ ਦੇ ਘੁਪ ਅਨ੍ਹੇਰੇ ਵਿਚ ਇਹੀ ਚਮਕਦਾ ਟੁਕੜਾ ਹੁੰਦਾ ਹੋਵੇਗਾ| ਆਸਮਾਨ ਨਹੀਂ ਦਿਸਦਾ ਸੀ| ਬੰਦਾ ਆਸਮਾਨ ਨਾ

59