ਪੰਨਾ:PUNJABI KVITA.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੩)

ਪਾਵੇ ਤਾਂ ਉਸ ਵਿੱਚ ਵਲਵਲਾ ਜ਼ਰੂਰ ਹੁੰਦਾ ਹੈ। ਵਲਵਲੇ ਨਾਲ ਰਾਗ ਆਪੇ ਆ ਜਾਂਦਾ ਹੈ ਜੋ ਕਵਿਤਾ ਵਿਚ ਮਿਠਾਸ ਭਰ ਦੇਂਦਾ ਹੈ। ਬਿਨਾਂ ਇਨ੍ਹਾਂ ਦੇ ਕਵਿਤਾ ਖੁਸ਼ਕ ਵਾਰਤਕ ਜਹੀ ਹੋ ਜਾਂਦੀ ਹੈ।


ਖ਼ਿਆਲ ਤੇ ਬੋਲੀ
ਕਵੀ ਜਦੋਂ ਆਪਣੇ ਤਜਰਬੇ ਜ਼ਾਹਰ ਕਰਦਾ ਹੈ ਤਾਂ ਉਹ ਕਿਸੇ ਖ਼ਿਆਲ ਦੇ ਰੂਪ ਵਿਚ ਆਉਂਦੇ ਹਨ ਜਿਨ੍ਹਾਂ ਨੇ ਬੋਲੀ ਦੀ ਪੁਸ਼ਾਕ ਪਾਈ ਹੁੰਦੀ ਹੈ। ਮਜ਼ਮੂਨ ਕੋਈ ਹੋ ਸਕਦਾ ਹੈ। ਅਸੀਂ ਮਜ਼ਮੂਨ ਦੀ ਪੜਚੋਲ ਨਹੀਂ ਕਰਨੀ, ਸਗੋਂ ਦੇਖਣਾ ਹੈ ਕਿ ਖ਼ਿਆਲ ਕਿਸ ਸੁਚੱਜੇ ਢੰਗ ਨਾਲ ਨਿਭਾਏ ਹਨ। ਖਿਆਲਾਂ ਨੂੰ ਬੋਲੀ ਵਿਚ ਪ੍ਰਗਟ ਕੀਤਾ ਜਾਂਦਾ ਹੈ। ਪੜਚੋਲੀਏ ਨੂੰ ਇਹ ਵੀ ਦੇਖਣਾ ਪੈਂਦਾ ਹੈ ਕਿ ਬੋਲੀ ਦੇ ਸ਼ਬਦ ਭਾਵਾਂ ਜਾਂ ਖਿਆਲਾਂ ਦੇ ਮੂਜਬ ਪੂਰੇ ਉਤਰੇ ਹਨ ਕਿ ਨਹੀਂ। ਸ਼ਬਦ ਸਾਦੇ ਹੋਣੇ ਚਾਹੀਦੇ ਹਨ, ਔਖੇ ਨਹੀਂ। ਸ਼ਬਦ ਆਪੋ ਆਪਣੀ ਥਾਂ ਤੇ ਨਗੀਨਿਆਂ ਵਾਂਗ ਜੜੇ ਹੋਣ। ਬੋਲੀ ਨੂੰ ਸਜਾਉਣ ਵਾਲੀਆਂ ਸਜਾਵਟਾਂ ਨਵੇਂ ਢੰਗ ਤੇ ਨਵੇਂ ਨਮੂਨਿਆਂ ਦੀਆਂ ਹੋਣੀਆਂ ਚਾਹੀਦੀਆਂ ਹਨ।

ਉਪਰਲੀਆਂ ਸਾਰੀਆਂ ਗੱਲਾਂ ਨੂੰ ਹੋਰ ਖੋਲ੍ਹ ਕੇ ਸਮਝਾਉਣ ਲਈ,ਤੇ ਕਵਿਤਾ ਦੀ ਪੜਚੋਲ ਦੇ ਹੁਨਰ ਨੂੰ ਸਮਝਣ ਲਈ ਅਸੀਂ ਜ਼ਰਾ ਹੋਰ ਵਿਸਥਾਰ ਨਾਲ ਸਮਝਾਉਂਦੇ ਹਾਂ।

ਕਿਸੇ ਕਵਿਤਾ ਦੀ ਪਰਖ ਕਰਨ ਲਈ ਪਹਿਲੋਂ ਸਾਨੂੰ ਕਵਿਤਾ ਦੇ ਭਾਵ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ। ਇਹ ਕਰਨ ਲਈ ਸਾਨੂੰ ਉਸ ਦੇ ਅਰਥ, ਵਲਵਲੇ, ਰਾਗ ਤੇ ਲਹਿਜੇ ਦੀ ਟੋਹ ਲਾਉਣੀ ਪਏਗੀ।