ਪੰਨਾ:PUNJABI KVITA.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੬)

ਜਹਾਂਗੀਰ ਦੇ ਸਮੇਂ ਪੰਜਾਬੀ ਹਾਸ ਰਸ ਕਵਿਤਾ ਦਾ ਮੋਢੀ ਸੁਥਰਾ ਹੋਇਆ। ਇਹ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਆਉਂਦੇ ਜਾਂਦੇ ਸਨ।

ਧੀਆਂ ਧਾੜ, ਤੇ ਪੁਤਰ ਫਾਹ, ਰੰਨ ਦੁਖਾਂ ਦਾ ਖੂਹ।
ਇਸ ਘਾਣੀ ਤੋਂ ਸੁਥਰਿਆ, ਕੋਈ ਹਰਿ ਜਨ ਕੱਢੇ ਧੂਹ।

ਇਸ ਤੋਂ ਮਗਰੋਂ ਇਕ ਹੋਰ ਹਾਸ ਰਸ ਕਵੀ ਜਲ੍ਹਣ ਹੋਇਆ। ਇਸ ਦਾ ਬੋਲੀ ਤੇ ਬੰਦਸ਼ ਤੇ ਕਾਬੂ ਘਟ ਸੀ, ਪਰ ਗੱਲਾਂ ਟਿਕਾਣੇ ਦੀਆਂ ਕਹਿੰਦਾ ਸੀ।

ਵੱਡਾ ਕਿਕਰ ਵੱਢ ਕੇ ਜਪਮਾਲ ਬਣਾਇਆ।
ਉਚੇ ਟਿੱਬੇ ਬਹਿ ਕੇ ਠਾਹ ਠਾਹ ਵਜਾਇਆ।
ਲੋਕਾਂ ਦੀਆਂ ਜਪਮਾਲੀਆਂ, ਜਲ੍ਹਣ ਦਾ ਜਪਮਾਲ।
ਸਾਰੀ ਉਮਰ ਜਪੇਂਦਿਆਂ ਇਕ ਨਾ ਖੁਥਾ ਵਾਲ।

ਗੁਰੂ ਗੋਬਿੰਦ ਸਿੰਘ ਜੀ ਦੀ ਕਵਿਤਾ ਪਹਿਲੇ ਗੁਰੂ ਸਾਹਿਬਾਂ ਦੇ ਸਾਰੇ ਗੁਣਾਂ ਤੋਂ ਛੁਟ ਬੀਰ-ਰਸ ਪੂਰਤ ਸੀ। ਬੋਲੀ ਠੇਠ ਤੇ ਜੋਸ਼ ਭਰੀ ਸੀ। ਉਨ੍ਹਾਂ ਨੇ ਭਗਤੀ ਰਸ ਦੇ ਹੱਥ ਵਿਚ ਤਲਵਾਰ ਫੜਾ ਦਿਤੀ। ਇਨ੍ਹਾਂ ਦਾ ਵਰਨਨ ਤੇ ਚਿਤ੍ਰਨ ਬੜਾ ਜ਼ੋਰਦਾਰ ਸੀ। ਆਪ ਦੇ ਦਰਬਾਰ ਵਿਚ ੫੨ਕਵੀ ਰਹਿੰਦੇ ਸਨ ਜਿਨਾਂ ਨੇ ਪੰਜਾਬੀ ਦੇ ਮੁਹਾਵਰੇ ਨੂੰ ਠੁਕ ਤੇ ਲਿਆਉਣ ਲਈ ਬੜੀ ਸਹਾਇਤਾ ਕੀਤੀ। ਚੰਡੀ ਦੀ ਵਾਰ ਵਿਚ ਸਿਰਖੰਡੀ ਛੰਦ ਵਰਤ ਕੇ ਪੰਜਾਬੀ ਦੇ ਖੁਲ੍ਹੇ ਸੁਭਾ ਦਾ ਪ੍ਰਤੱਖ ਸਬੂਤ ਦਿਤਾ——

ਚੋਬੀਂਂ ਧੌਂਸਾਂ ਪਾਈਆਂ, ਦਲਾਂ ਮੁਕਾਬਲਾ।
ਦਸਤੀਂਂ ਉਹ ਨਚਾਈਆਂ, ਤੇਗਾਂ ਨੰਗੀਆਂ।