ਪੰਨਾ:PUNJABI KVITA.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੧ )


ਜ਼ਾਲ-ਜ਼ਰਾ ਨਾ ਤਨ ਵਿਚ ਰਹੀ ਤਾਕਤ,
ਰਾਣੀ ਗਾਉਂਦੀ ਗ਼ਮਾਂ ਦੇ ਗੀਤ ਲੋਕੋ।
ਮੈਂ ਭੁਲੀ ਹਾਂ ਤੁਸੀਂ ਨਾ ਹੋਰ ਕੋਈ,
ਲਾਇਓ ਜੋਗੀਆਂ ਨਾਲ ਪ੍ਰੀਤ ਲੋਕੋ।
ਜੰਗਲ ਗਏ ਨ ਬਹੁੜਦੇ ਸੁੰਦਰਾਂ ਨੂੰ,
ਜੋਗੀ ਨਹੀਂ ਜੇ ਕਿਸੇ ਦੇ ਮੀਤ ਲੋਕੋ।

[ਕਾਦਰ ਯਾਰ]

ਅਹਿਮਦ ਯਾਰ ਇਕ ਆਲਮ ਫ਼ਾਜ਼ਲ ਕਵੀ ਹੋਏ। ਉਨ੍ਹਾਂ ਦਿਆਂ ਕਿੱਸਿਆਂ ਦੀਆਂ ਘਟਨਾਵਾਂ, ਤੇ ਕਈ ਵਾਰੀ ਪਲਾਟ ਵੀ ਆਪਣੇ ਬਣੇ ਹੁੰਦੇ ਸਨ। ਬੋਲੀ ਵਿਚ ਇਲਮੀਅਤ ਦਿਖਾਈ ਹੁੰਦੀ ਹੈ। ਤਸ਼ਬੀਹਾਂ, ਮੁਹਾਵਰੇ ਸਭ ਫ਼ਾਰਸੀ ਦੀਆਂ ਨਕਲਾਂ ਹਨ। ਵਲਵਲਾ ਤੇ ਦਰਦ ਦੀ ਟੋਹ ਘਟ ਹੈ। ਇਸ ਸਮੇਂ ਅਲਾਹ ਬਖ਼ਸ਼, ਮੀਆਂ ਹੁਸੈਨ ਤੇ ਇਮਾਮ ਬਖ਼ਸ਼ ਵੀ ਮੰਨੇ ਪ੍ਰਮੰਨੇ ਕਵੀ ਹੋਏ। ਇਮਾਮ ਬਖ਼ਬ ਨੇ ਚੰਦਰ ਬਦਨ ਤੇ ਸ਼ਾਹ ਬਹਿਰਾਮ ਦਾ ਕਿੱਸਾ ਲਿਖਿਆ।

ਸਿਖ ਰਾਜ ਦੇ ਅੰਤ ਵਿਚ ਸ਼ਾਹ ਮੁਹੰਮਦ ਇਤਿਹਾਸਕ ਕਵੀ ਹੋਇਆ। ਆਪ ਨੇ ਸਿਖਾਂ ਤੇ ਅੰਗ੍ਰੇਜ਼ਾਂ ਦੀ ਪਹਿਲੀ ਲੜਾਈ ਦੀ ਬਾਬਤ ਇਕ ਦਿਲਖਿਚਵੀਂ ਵਾਰ ਲਿਖੀ——

ਆਈਆਂ ਪਲਟਨਾਂ ਬੀੜ ਕੇ ਤੋਪਖ਼ਾਨੇ,
ਅਗੋਂ ਸਿੰਘਾਂ ਨੇ ਪਾਸਣੇ ਮੋੜ ਦਿਤੇ।
ਮੇਵਾ ਸਿੰਘ ਤੇ ਮਾਖੇ ਖ਼ਾ ਹੋਏ ਸਿੱਧੇ,
ਹੱਲ ਤਿੰਨ ਫ਼ਰੰਗੀ ਦੇ ਤੋੜ ਦਿਤੇ।