ਪੰਨਾ:PUNJABI KVITA.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੪)

ਸਿੰਘ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਇਸ ਸੁਧਾਰਕ ਲਹਿਰ ਦਾ ਰੁਖ ਸਾਹਿੱਤ ਵਲ ਮੋੜ ਦਿਤਾ। ਭਾਈ ਵੀਰ ਸਿੰਘ ਨਵੀਨ ਕਵਿਤਾ ਦਾ ਜਨਮ ਦਾਤਾ ਹੈ। ਆਪ ਦੇ ਜਜ਼ਬੇ ਦੀ ਨੀਂਹ ਧਾਰਮਕ ਹੈ ਪਰ ਕਵਿਤਾ ਦਾ ਢੰਗ ਨਵੀਨ। ਆਪ ਦੀ ਕਵਿਤਾ ਤੇ ਪੱਛਮੀ ਸਾਹਿੱਤ ਦਾ ਬਹੁਤ ਅਸਰ ਹੋਇਆ ਹੈ। ਆਪ ਨੇ ਕਵਿਤਾ ਦੇ ਪੁਰਾਣੇ ਭਾਰੇ ਤੇ ਖੁਰਦਰੇ ਤੋਲ ਛਡ ਕੇ ਨਿਕੇ ਨਿਕੇ ਕੋਮਲ ਤੋਲ ਪ੍ਰਚੱਲਤ ਕੀਤੇ । ਆਪ ਤੋਂ ਪਹਿਲੋਂ ਕਵਿਤਾ ਇਕ ਇਕੱਠ ਵਿਚ ਮਾਨਣ ਵਾਲਾ ਸਵਾਦ ਸੀ। ਆਪ ਨੇ ਇਸ ਨੂੰ ਨਿਵੇਕਲਾ ਸਵਾਦ ਦਿਤਾ। ਕਵਿਤਾ ਵਿਚ ਮਨਖੀ ਤਜਰਬਿਆਂ ਨੂੰ ਵਰਤਿਆ। ਪਹਿਲੀ ਵਾਰ ਛੰਦਾਂ ਦੀ ਭਿੰਨਤਾ ਵਲ ਆਪ ਨੇ ਹੀ ਧਿਆਨ ਦਿਤਾ ਤੇ ਸਿਰਖੰਡੀ ਛੰਦ, ਜਿਹੜਾ ਗੁਰੂ ਗੋਬਿੰਦ ਸਿੰਘ ਨੇ ਚੰਡੀ ਦੀ ਵਾਰ ਵਿਚ ਵਰਤਿਆ ਸੀ, ਇਸ ਨੂੰ ਮੁੜ ਸੁਰਜੀਤ ਕੀਤਾ ਅਤੇ ਮਹਾਂ ਕਾਵਿ ਰਾਣਾ ਸੂਰਤ ਸਿੰਘ ਰਚ ਕੇ ਅੰਗ੍ਰੇਜ਼ੀ ਦੀ ਬਲੈਂਂਕ ਵਰਸ(Blank verse) ਵਾਲੀ ਮਹਾਨਤਾ ਇਸ ਨੂੰ ਦਿਤੀ। ਇਸ ਤੋਂ ਬਿਨਾਂ ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ ਤੇ ਪ੍ਰੀਤ ਵੀਣਾ ਆਪ ਦੀਆਂ ਕਾਵਿ ਪੁਸਤਕਾਂ ਹਨ।

ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਓ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ, ਓ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ, ਹੈ ਹੋਰ ਅਨੰਤ ਉਨ੍ਹਾਂ ਦੀ,——
ਵਸਲੋਂ ਉਰੇ, ਮੁਕਾਮ ਨ ਕੋਈ, ਸੋ ਚਾਲ ਪਏ ਨਿਤ ਰਹਿੰਦੇ।

[ਭਾਈ ਵੀਰ ਸਿੰਘ]