ਪੰਨਾ:PUNJABI KVITA.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੬)

 ਅੰਗ੍ਰੇਜ਼ੀ ਸ਼ਬਦ ਕਵਿਤਾ ਵਿੱਚ ਦਾਖਲ ਹੋ ਗਏ। ਨਵੇਂ ਮੁਹਾਵਰੇ ਤੇ ਨਵੀਆਂ ਬੰਦਸ਼ਾਂ ਪੰਜਾਬੀ ਕਵਿਤਾ ਵਿਚ ਵਰਤੀਣ ਲੱਗ ਪਈਆਂ। ਕਈ ਪੁਰਾਣੇ ਸ਼ਬਦ ਮੁੜ ਵਰਤੇ ਜਾਣ ਲੱਗ ਪਏ। ਖਿਆਲਾਂ ਦੇ ਨਾਲ ਹੀ ਛੰਦਾ-ਬੰਦੀ ਵਿਚ ਵੀ ਢੇਰ ਨਵੀਨਤਾ ਆ ਗਈ। ਕਈ ਤਰ੍ਹਾਂ ਦੇ ਨਵੇਂ ਛੰਦ ਵਰਤੇ ਜਾਣ ਲੱਗੇ। ਲੰਮੇ ਛੰਦ ਛੱਡ ਕੇ ਛੋਟੇ ਛੋਟੇ ਤੋਲ ਜਾਰੀ ਹੋ ਗਏ। ਜਿਹੜੇ ਠੁਲ੍ਹੇ ਤੇ ਘਸੇ ਹੋਏ ਛੰਦ ਸਨ, ਉਨ੍ਹਾਂ ਦੀ ਵਰਤੋਂ ਘਟਾਈ ਗਈ। ਫ਼ਲਸਫ਼ੇ ਨੂੰ ਕਵਿਤਾ ਵਿਚ ਥਾਂ ਮਿਲੀ। ਦੇਸ਼ ਪਿਆਰ, ਹੁਨਰ ਦੀ ਸਲਾਹੁਤਾ, ਸੁਹੱਪਣ-ਆਦ ਚੀਜ਼ਾਂ ਜੋ ਪੁਰਾਣੇ ਕਵੀ ਨਹੀਂ ਸਨ ਜਾਣਦੇ, ਇਸ ਸਮੇਂ ਵਿਚ ਆਮ ਪ੍ਰਚੱਲਤ ਹੋ ਗਈਆਂ! ਸਰ ਵਾਲਟਰ ਸਕਾਟ ਦੀ ਕਵਿਤਾ 'ਲੇਡੀ ਔਫ਼ ਦੀ ਲੋਕ' ਦੇ ਅਧਾਰ ਤੇ ਕਿਰਪਾ ਸਾਗਰ ਨੇ ਲਖਸ਼ਮੀ ਦੇਵੀ ਨਾਮੀ ਪੁਸਤਕ ਲਿਖੀ, ਜਿਸ ਵਿਚ ਪੰਜਾਬ ਦੇਸ਼ ਦੇ ਨਜ਼ਾਰੇ ਖੂਬ ਬਿਆਨ ਕੀਤੇ ਗਏ। ਇਸ ਸਮੇਂ ਵਿਚ ਧਨੀ ਰਾਮ ਚਾਤ੍ਰਿਕ ਤੇ ਪ੍ਰੋ: ਮੋਹਨ ਸਿੰਘ ਨੇ ਗੀਤ ਵੀ ਲਿਖੇ। ਅੰਗ੍ਰੇਜ਼ੀ ਸਾਹਿੱਤ ਤੋਂ ਪ੍ਰਭਾਵਤ ਹੋ ਕੇ ਪੁਰਾਣੇ ਗੀਤਾਂ ਦੀ ਖੋਜ ਸ਼ੁਰੂ ਹੋਈ ਤੇ ਪ੍ਰੋ: ਦੇਵਿੰਦਰ ਸਤਿਆਰਥੀ ਨੇ ਪੰਜਾਬੀ ਗੀਤਾਂ ਦੀ ਸ਼ਲਾਘਾ-ਯੋਗ ਖੋਜ ਕੀਤੀ।
ਏਸੇ ਸਮੇਂ ਵਿੱਚ ਪੁਰਾਣੇ ਕਵੀਆਂ ਦੀ ਕਵਿਤਾ ਤੇ ਖੋਜ ਦਾ ਕੰਮ ਬਾਵਾ ਬੁਧ ਸਿੰਘ ਨੇ ਸ਼ੁਰੂ ਕੀਤਾ। ਪੰਜਾਬੀ ਕਵਿਤਾ ਨੂੰ ਉੱਨਤ ਕਰਨ ਲਈ ਪੜਚੋਲ ਵੀ ਸ਼ੁਰੂ ਹੋ ਗਈ। ਗੋਪਾਲ ਸਿੰਘ ਦਰਦੀ ਨੇ, 'ਰੋਮਾਂਟਿਕ ਪੰਜਾਬੀ ਕਵੀ' ਲਿਖ ਕੇ ਪੰਜਾਬੀਆਂ ਦੀ ਰੁਚੀ ਨੂੰ ਇਸ ਪਾਸੇ ਵੱਲ ਮੋੜਿਆ।