ਪੰਨਾ:PUNJABI KVITA.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੯)


(੪) ਵਿਸਮਾਦ——
ਰੋਮਾਂਟਿਕ ਕਵੀ ਫਕੀਰੀ ਰੰਗਣ ਵਾਲਾ ਦਿਲ ਰਖਦਾ ਹੈ। ਉਹ ਕਿਸੇ ਵੇਲੇ ਆਪਣੀ ਮਸਤੀ ਵਿਚ ਅਜਿਹਾ ਆਉਂਦਾ ਹੈ ਕਿ ਵਿਸਮਾਦ ਅਵਸਥਾ ਉਸ ਦੇ ਆਲੇ ਦੁਆਲੇ ਛਾ ਜਾਂਦੀ ਹੈ ਤੇ ਉਸ ਵੇਲੇ ਉਚੀਆਂ ਰਮਜ਼ ਭਰੀਆਂ ਗਲਾਂ ਕਹਿ ਜਾਂਦਾ ਹੈ। ਉਸ ਵੇਲੇ ਉਹ ਦਿਮਾਗ਼ ਤੋਂ ਉਚੇਰਾ ਹੋ ਕੇ ਵਲਵਲੇ ਦੇ ਦੇਸ ਵਿਚ ਤਾਰੀਆਂ ਲਾ ਰਿਹਾ ਹੁੰਦਾ ਹੈ।
(੫) ਛਾਇਆਵਾਦ——
ਰੋਮਾਂਟਿਕ ਕਵੀ ਵਿਚ ਕਈ ਵਾਰੀ ਵਲਵਲੇ ਦਾ ਐਨਾ ਹੜ੍ਹ ਆਉਂਦਾ ਹੈ ਕਿ ਉਸ ਦੇ ਵਿਚਾਰਾਂ ਨੂੰ ਬੋਲੀ ਫੜ ਹੀ ਨਹੀਂ ਸਕਦੀ ਅਤੇ ਉਸ ਦੇ ਵਿਚਾਰ ਇਤਨੇ ਸੂਖਸ਼ਮ ਹੋ ਜਾਂਦੇ ਹਨ ਕਿ ਉਸ ਦੇ ਚਿਤਰ ਬਹੁਤ ਧੁੰਧਲੇ ਹੋਣ ਦੀ ਸੂਰਤ ਵਿਚ, ਆਮ ਮਨੁਖ ਦੀ ਨਜ਼ਰ ਉਨ੍ਹਾਂ ਨੂੰ ਦੇਖ ਹੀ ਨਹੀਂ ਸਕਦੀ।
(੬) ਆਦਰਸ਼ਕਤਾ——
ਰੋਮਾਂਟਿਕ ਕਵੀ ਸਦਾ ਆਦਰਸ਼ਕ ਸੁਭਾ ਦਾ ਹੁੰਦਾ ਹੈ। ਦੁਨੀਆ ਦੀਆਂ ਆਮ ਚੀਜ਼ਾਂ ਨਾਲ ਉਸ ਦਾ ਮਨ ਤ੍ਰਿਪਤ ਨਹੀਂ ਹੁੰਦਾ। ਵਿਚ ਵਿਚੋਲਾ ਜੀਵਨ ਉਸ ਨੂੰ ਨਹੀਂ ਭਾਉਂਦਾ, ਉਹ ਜਾਂ ਅਕਾਸ਼ ਤੇ ਹੁੰਦਾ ਹੈ ਤੇ ਜਾਂ ਪਤਾਲ ਤੇ। ਉਹ ਹਮੇਸ਼ਾ ਦੂਰ ਭਵਿਖਤ ਵਲ ਦੌੜਦਾ ਹੈ ਜਾਂ ਫਿਰ ਦੂਰ ਭੂਤ ਵਲ। ਰੋਮਾਂਟਿਕ ਕਵੀ ਸੁਪਨੇ-ਸਾਜ਼ ਹੁੰਦਾ ਹੈ।