ਪੰਨਾ:PUNJABI KVITA.pdf/8

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

( ੭)

ਮੰਨਿਆ ਗਿਆ ਹੈ। ਇਸੇ ਕਰਕੇ ਬੁਤ-ਤਰਾਸ਼ੀ ਨੂੰ ਕੋਮਲ ਹੁਨਰਾਂ ਵਿਚ ਸਭ ਤੋਂ ਨੀਵਾਂ ਥਾਂ ਮਿਲਿਆ ਹੈ। ਇਸ ਦਾ ਆਸਰਾ ਮੂਰਤ, ਰੂਪ ਜਾਂ ਸ਼ਰੀਰ ਹੁੰਦੇ ਹਨ। ਬੁਤ-ਤਰਾਸ਼ ਪੱਥਰ ਦੇ ਟੁਕੜੇ ਨੂੰ-ਜੋ ਉਸ ਅਧਾਰ ਤੋਂ ਬਿਲਕੁਲ ਵੱਖਰਾ ਹੁੰਦਾ ਹੈ-ਲੰਬਾਈ, ਚੌੜਾਈ ਤੇ ਮੋਟਾਈ ਵਿਚ ਸੁੰਦਰ ਤੇ ਜੀਉਂਦਿਆਂ ਜਾਗਦਿਆਂ ਵਰਗਾ ਬਣਾ ਦਿੰਦਾ ਹੈ। ਚਿਤ੍ਰਕਾਰੀ ਵਾਸਤੇ ਵੀ ਆਸਰੇ ਜਾਂ ਅਧਾਰ ਦੀ ਓਨੀ ਹੀ ਲੋੜ ਹੈ। ਚਿਤ੍ਰਕਾਰ ਉਸ ਡਿਠੀ ਚੀਜ਼ ਨੂੰ ਕਾਗ਼ਜ਼ ਜਾਂ ਕਪੜੇ ਤੇ ਰੰਗਾਂ ਆਦਿ ਨਾਲ ਲੰਬਾਈ ਚੌੜਾਈ ਵਿਚ ਜ਼ਾਹਰ ਕਰ ਕੇ ਸਜੀਵਤਾ ਲਿਆ ਦਿੰਦਾ ਹੈ। ਨਿਰਤਕਾਰੀ ਵਿਚ ਸਰੀਰਕ ਅਧਾਰ ਦੀ ਲੋੜ ਹੁੰਦੀ ਹੈ, ਹੋਰ ਕਿਸੇ ਸ਼ੈ ਦੀ ਨਹੀਂ। ਰਾਗ ਵਿਚ ਮੂਰਤ-ਅਧਾਰ ਦੀ ਕੋਈ ਲੋੜ ਨਹੀਂ ਰਹਿੰਦੀ ਕੇਵਲ ਸੁਰਾਂ ਦੇ ਉਤਰਾ ਚੜ੍ਹਾ ਨਾਲ ਰਸਾਂ ਤੇ ਭਾਵਾਂ ਦਾ ਪ੍ਰਕਾਸ਼ ਹੁੰਦਾ ਹੈ। ਆਖਰੀ ਤੇ ਸਭ ਤੋਂ ਉੱਚਾ ਥਾਂ ਕਵਿਤਾ ਦਾ ਹੈ। ਇਸ ਵਿਚ ਮੂਰਤ-ਅਧਾਰ ਦੀ ਉੱਕੀ ਹੀ ਲੋੜ ਨਹੀਂ ਹੁੰਦੀ। ਭਾਵ, ਰਸ, ਤੇ ਅਨੁਮਾਨ-ਮੂੂਰਤਾਂ ਮਨ ਦੇ ਅੰਦਰ ਪੈਦਾ ਹੁੰਦੀਆਂ ਤੇ ਉਹ ਸ਼ਬਦਾਂ ਦੇ ਰਾਹੀਂ, ਜੋ ਇਨ੍ਹਾਂ ਦੇ ਬਾਹਰੀ ਚਿੰਨ੍ਹ ਹਨ, ਜ਼ਾਹਰ ਕੀਤੀਆਂ ਜਾਂਦੀਆਂ ਹਨ। ਕਵਿਤਾ ਵਿਚ ਭਾਵਾਂ ਤੇ ਖ਼ਿਆਲਾਂ ਦੀ ਸੁੰਦਰਤਾ ਦਾ ਬਹੁਤਾ ਖ਼ਿਆਲ ਹੁੰਦਾ ਹੈ। ਸ਼ਬਦ-ਸੁੰਦਰਤਾ ਤੇ ਸੰਗੀਤਕਤਾ ਇਸ ਦੇ ਗੁਣਾਂ ਵਿਚੋਂ ਦੂਸਰੇ ਦਰਜੇ ਤੇ ਹਨ।