ਪੰਨਾ:Pardesi Dhola.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪਰਦੇਸੀ ਢੋਲਾ

ਚੰਦਨ ਕਿਸੇ ਉੱਤਰ ਲਈ ਇਹ ਪ੍ਰਸ਼ਨ ਨਹੀਂ ਕਰਦਾ। ਬਿੱਕਰ ਸਿੰਘ ਦਾ ਦੁੱਖ ਪੁੱਛ-ਦੱਸ ਤੋਂ ਡੂੰਘਾ ਹੈ। ਏਸੇ ਕਰਕੇ ਉਹਨੂੰ ਚੁੱਪ ਲੱਗੀ ਹੋਈ ਹੈ। ਚੰਦਨ ਦੀ ਪੁੱਛ-ਗਿੱਛ ਬਿੱਕਰ ਦੇ ਦੁੱਖ ਨੂੰ ਵਧੇਰੇ ਉਜਾਗਰ ਕਰਨ ਦੀ ਕਾਵਿਕ ਜੁਗਤ ਹੈ। ਤੇ ਸੈਨਤ ਕਰਨ ਦੀ ਕਿ ਇਹ ਦੁੱਖ ਇਕੱਲੇ ਬਿੱਕਰ ਦਾ ਨਹੀਂ, ਉਹਤੋਂ ਫੁੱਲ ਖਰੀਦਦੇ ਕੁੜੀ ਮੁੰਡੇ ਦਾ ਵੀ ਹੈ, ਜਿਹੜੇ ਪਿਆਰ ਦਾ ਖੇਖਣ ਕਰਦੇ ਹਨ; ਸਿਰਫ਼ 'ਅੱਜ ਦੀ ਰਾਤ' ਲਈ। ਉੱਖੜੇ ਰੁੱਖ ਦੀ ਜੜ੍ਹ ਲੱਗੇ, ਭਾਵੇਂ ਝੂਠ ਦੀ ਮਿੱਟੀ ਵਿਚ ਹੀ ਲੱਗੇ, ਭਾਵੇਂ ਇਕ ਰਾਤ ਲਈ ਹੀ ਲੱਗੇ। ਬਿੱਕਰ ਫੁੱਲ ਵੇਚਦਾ ਇਸ ਤਰਲੇ ਦਾ ਅਭਿਨੰਦਨ ਵੀ ਕਰਦਾ ਹੈ।

ਬਿੱਕਰ ਦੀ ਚੁੱਪ ਵਿਚ ਅਰਥ ਨਹੀਂ, ਰਹੱਸ ਹੈ ਤੇ ਦੁੱਖ ਹੈ। ਇਹ ਦੁੱਖ ਰੁੱਖ ਦੇ ਉਖੜਨ ਦੇ ਦੁੱਖ ਤੋਂ ਡੂੰਘਾ ਜਾਪਦਾ ਹੈ। ਦੁੱਖ ਉੱਖੜਨ ਦਾ ਨਹੀਂ, ਜੜ੍ਹ ਨਾ ਲਗਣ ਦਾ ਹੈ। ਉੱਖੜਨਾ, ਚੰਦਨ ਕਹਿੰਦਾ ਹੈ, ਬੰਦੇ ਦੀ ਹੋਣੀ ਹੈ। ਇਸ 'ਤੇ ਉਹਦਾ ਵਸ ਨਹੀਂ। ਇਹ ਬਿਜਲੀ ਵਾਂਙ ਡਿਗਦੀ ਹੈ, ਤੇ ਪਰਛਾਵੇਂ ਵਾਂਙ ਪਿੱਛਾ ਕਰਦੀ ਹੈ।

ਹੋਣੀ ਦੀ ਆਵਾਜ਼ ਬਿਜਲੀ ਵਾਂਙ ਦੁਮੇਲ 'ਤੇ ਡਿੱਗੀ
ਇਹ ਹੋਣੀ ਦੀ ਆਵਾਜ਼ ਨਾਲ਼ ਨਾਲ਼ ਚੱਲਣੀ ਪਰਛਾਵੇਂ ਵਾਂਙੂੰ

ਸ਼ਾਇਦ ਜੜ੍ਹ ਲੱਗਣੀ ਵੀ ਬੰਦੇ ਦੇ ਪੂਰੀ ਵਸ ਵਿਚ ਨਹੀਂ। ਇਸ ਅਸਗਾਹ ਸੁੰਨ ਵਿਚ ਉਹਦਾ ਅਸਤਿਤਵ ਨਾਂਹ ਵਰਗਾ ਹੈ। ਸਾਡੀ ਮਿਥ ਕਹਿੰਦੀ ਹੈ- ਉਹ ਮ੍ਰਿਤ ਮੰਡਲ ਦਾ ਵਾਸੀ ਹੈ। ਜੇ ਉਹਦੀ ਕੋਈ ਜੜ੍ਹ ਹੈ, ਤਾਂ ਉਹ ਮ੍ਰਿਤਯੂ ਵਿਚ ਲੱਗੀ ਹੋਈ ਹੈ। ਜਦੋਂ ਚੰਦਨ ਬਿੱਕਰ ਨੂੰ ਪੁੱਛਦਾ ਹੈ: 'ਤੈਨੂੰ ਚੁੱਪ ਕਾਹਦੀ ਹੈ ਲੱਗੀ', ਤਾਂ ਉਹਦੀ ਕਵਿਤਾ ਬੰਦੇ ਦੀ ਇਸ ਹੋਣੀ ਵਲ ਸੈਨਤ ਕਰਦੀ ਹੈ। ਫੇਰ ਵੀ ਬਿਕਰ ਵੱਲ ਵੇਚਣਾ ਨਹੀਂ ਛੱਡਦਾ। ਜੰਗਲੇ ਵਿਚ ਕੈਦ ਮੋਰ ਝੁਰਦਾ ਹੋਇਆ ਵੀ ਨੱਚਦਾ ਰਹਿੰਦਾ ਹੈ। ਬੰਦੇ ਦੀ ਡਿੱਠ ਨੂੰ ਅਣਡਿੱਠ ਕਰ ਕੇ ਜਿਉਣ ਦੀ ਇਸ ਸਮਰੱਥਾ ਨੂੰ ਚੰਦਨ ਹੋਣ ਦੀ ਖੇਡ ਕਹਿੰਦਾ ਹੈ। ਇਸ ਖੇਡ ਵਿਚ ਹੀ ਉਹਦੀ ਜੜ੍ਹ ਲੱਗੀ ਹੋਈ ਹੈ। ਉਹ ਜਿੱਥੇ ਵੀ ਹੈ, ਹੋਣ ਦੀ ਖੇਡ ਖੇਡ ਰਿਹਾ ਹੈ; ਉਹ ਕਿਤੇ ਆਇਆ-ਗਇਆ ਨਹੀਂ ਹੁੰਦਾ।

ਜੰਮਣ-ਭੋਂ ਛੱਡ ਗਏ ਬੰਦੇ ਨੂੰ ਕਦੇ ਗ਼ੈਰਹਾਜ਼ਿਰ ਨਹੀਂ ਸਮਝਦੀ
ਛੱਡ ਕੇ ਆਏ ਬੰਦੇ ਨੂੰ ਕਦੇ ਪਤਾ ਨਹੀਂ ਲੱਗਦਾ
ਕਿ ਉਹ ਕਿਤੇ ਆਇਆ ਜਾਂ ਗਇਆ ਨਹੀਂ
ਉਹ ਕਿਤੇ ਛੱਡ ਕੇ ਨਹੀਂ ਜਾਣ ਜੋਗਾ
ਉਹ ਓਤੇ ਹੀ ਕਿਤੇ ਹੁੰਦਾ ਹੈ
ਅਪਣੇ ਹੋਣ ਦੀ ਖੇਡ ਵਿਚ ਲੱਗਾ

ਚੰਦਨ ਦੀ ਕਵਿਤਾ ਦੀ ਸਕਤੀ ਤੇ ਸੁਹਜ ਇਸ ਅੰਤਰ-ਝਾਤ ਵਿਚ ਹੈ।

ਨਵਤੇਜ ਭਾਰਤੀ

[12]