ਪਰਦੇਸੀ ਢੋਲਾ
ਪਰਦੇਸੀਆਂ ਦਾ ਗੀਤ
ਚਿੱਟਿਆਂ ਬਨੇਰਿਆਂ 'ਤੇ ਚੁੱਪ ਬੈਠਾ ਕਾਂ
ਸਾਨੂੰ ਆਇਆਂ ਦੇਖ ਕੇ ਪਛਾਣੇਗਾ ਵੀ ਨਾ।
ਵਿਹੜਿਆਂ ਚੋਂ ਉੱਠਦੇ ਵਰੋਲ਼ਿਆਂ ਦੀ ਛਾਂ
ਦੂਰ ਸੁੱਟੇਗੀ ਉੜਾ, ਕੋਈ ਜਾਣੇਗਾ ਵੀ ਨਾ।
ਕਿਸ ਨੂੰ ਚੀਰ ਕੇ ਦਿਖਾਵਾਂਗੇ ਦਿਲ
ਜਦੋਂ ਜਾਗੀ ਨਾ ਵਰ੍ਹਿਆਂ ਤੋਂ ਸੁੱਤੀ ਪਈ ਮਾਂ।
ਸਵੇਰਾਂ ਦੇ ਭੁੱਲੇ ਹੁਣ ਕਿਥੇ ਜਾਵਾਂਗੇ
ਜਿਹੜੇ ਜਾਣਦੇ ਸੀ ਉਹ ਵੀ ਅਣਜਾਣ ਹੋ ਗਏ॥
ਖ਼ਾਲੀ ਹੱਥ ਭਰੀ ਅੱਖ ਸਾਡੀ ਉਮਰਾਂ ਦੀ ਖੱਟੀ
ਜੱਗ ਜਿਤ ਕੇ ਵੀ ਸਾਰਾ, ਬਾਜ਼ੀ ਮਾਤ ਪੈ ਗਈ।
ਲੈ ਕੇ ਅੰਗਾਂ ਵਿਚ ਧੁੱਪ ਅਸੀਂ ਗਾਹੇ ਚਾਰੇ ਚੱਕ
ਕਿਵੇਂ ਲੰਘਿਆ ਹੈ ਦਿਨ ਉੱਤੋਂ ਰਾਤ ਪੈ ਗਈ।
ਸਾਰੇ ਮਚਿਆ ਤੁਫ਼ਾਨ, ਚੁੱਪ ਹੋਈ ਜਿੰਦ ਜਾਨ
ਲੰਮੀ ਉਮਰਾਂ ਦੀ ਕੈਦ ਸਾਥੋਂ ਨਹੀਂ ਜਾਣੀ ਕੱਟੀ।
ਸਵੇਰਾਂ ਦੇ ਭੁੱਲੇ ਹੁਣ ਕਿਥੇ ਜਾਵਾਂਗੇ
ਜਿਹੜੇ ਜਾਣਦੇ ਸੀ ਉਹ ਵੀ ਅਣਜਾਣ ਹੋ ਗਏ॥
ਜਿਨ੍ਹਾਂ ਤੁਰਨਾ ਸਿਖਾਇਆ ਉਹ ਗਏ ਰਾਹ ਮੁੱਕ
ਜਿਨ੍ਹਾਂ ਚਲਣਾ ਸਿਖਾਇਆ ਉਹ ਗਏ ਪਾਣੀ ਸੁੱਕ।
ਹਰ ਪੈਰ ਹਰ ਸਾਹ ਜਿਹੜੇ ਰਹੇ ਅੰਗਸੰਗ
ਉਹ ਚੇਤਿਆਂ ਦੀ ਖੇਡ ਵਿਚ ਗਏ ਕਿਥੇ ਲੁੱਕ।
ਸਾਰੇ ਅਲਖ ਜਗਾਈ ਕਿਸੇ ਖ਼ੈਰ ਵੀ ਨਾ ਪਾਈ
ਰੂਹ ਦੀ ਭੁੱਖ ਨੂੰ ਕਿਤੋਂ ਜੁੜਿਆ ਨਾ ਟੁੱਕ।
ਸਵੇਰਾਂ ਦੇ ਭੁੱਲੇ ਹੁਣ ਕਿਥੇ ਜਾਵਾਂਗੇ
ਜਿਹੜੇ ਜਾਣਦੇ ਸੀ ਉਹ ਵੀ ਅਣਜਾਣ ਹੋ ਗਏ॥
[17]