ਪੰਨਾ:Pardesi Dhola.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਤੱਕਣੀ

ਤੱਕਣੀ ਸਿੱਧੀ ਨਹੀਂ ਸੀ
ਦੇਖ ਰਹੀ ਸੀ
ਦਿਸਹੱਦਾ ਕਿੱਥੋਂ ਤਕ ਹੈ
ਦੇਖ ਰਹੀ ਸੀ ਨਾਲ਼ੇ ਸੋਚ ਰਹੀ ਸੀ
ਟੁੱਟੀਆਂ ਤੰਦਾਂ ਗੰਢ ਰਹੀ ਸੀ
ਰੰਗ ਨੂੰ ਉਹਦੇ ਰੰਗ ਵਿਚ ਦੇਖ ਰਹੀ ਸੀ

ਨਿਰਮੋਹੀ ਤੱਕਣੀ
ਨਿੱਕੀ ਨਿੱਕੀ ਗੱਲੋਂ ਭਿੱਜਣਹਾਰੀ
ਰਾਂਝੇ ਦੀ ਮੱਝੀਂ ਦੀ ਅੱਖ ਸੀ
ਸੋਹਣੀ ਨੇ ਸੀ ਕੱਜਲਾ ਪਾਇਆ
ਤੀਜਾ ਨੇਤਰ ਤਾੜੇ ਲੱਗਾ
ਜਾਗਦੀ ਅੱਖ ਵੀ ਸੁੱਤੀ ਪਈ ਸੀ

ਉੜਦੇ ਹਾਥੀ ਧਰਤੀ ਉਤਰੇ
ਮੀਂਹ ਵਿਚ ਭਿੱਜਦੇ ਸੁੱਤੇ ਹੋਏ ਸਨ
ਸਭ ਮੁਸਾਫ਼ਿਰ ਜਾ ਚੁੱਕੇ ਸਨ
ਦੇਸਾਂ ਨੂੰ ਪਰਦੇਸਾਂ ਨੂੰ
ਖੁਰਾ ਉਨ੍ਹਾਂ ਦਾ ਨੱਪਦੀ ਤੱਕਣੀ ਇਕ ਪਲ ਠਹਿਰੀ
ਤੱਕਣੀ ਸਿੱਧੀ ਨਹੀਂ ਸੀ

ਭਾਂ ਭਾਂ ਕਰਦੇ ਟੇਸ਼ਣ ਉੱਤੇ ਰੱਬ ਦਾ ਬੰਦਾ ਕੱਲਾ ਸੀ
ਘੜੀ ਵੀ ਕੱਲੀ ਘੜੀ 'ਤੇ ਬੈਠਾ ਪੰਛੀ ਕੱਲਾ
ਹਰ ਕੋਈ ਮਹਿੰਗਾ ਬਹੁਤਾ ਅਪਣਾ ਕਰਮ ਕਮਾਉਂਦਾ ਸੀ
ਦੇਖ ਰਹੀ ਸੀ ਤੱਕਣੀਸਿੱਧੀ ਨਹੀਂ ਸੀ

[21]