ਪੰਨਾ:Pardesi Dhola.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਇਸ ਮੁਲਕ ਵਿਚ

ਇਸ ਮੁਲਕ ਵਿਚ ਪਰਦੇਸੀ ਯਾਦਾਂ ਭੁੱਲਦਾ ਹੈ ਭੁੱਲਦਾ ਰਹਿੰਦਾ ਹੈ ਭੁੱਲ ਜਾਂਦਾ ਹੈ
ਇਸ ਮੁਲਕ ਵਿਚ ਪਰਦੇਸੀ
ਅਪਣੀ ਬੋਲੀ ਵਿਚ ਚੁੱਪ ਹੁੰਦਾ ਹੈ ਚੁੱਪ ਰਹਿੰਦਾ ਹੈ ਚੁੱਪ ਹੋ ਜਾਂਦਾ ਹੈ

ਹਵਾ ਉਹਦੀ ਚੁੱਪ ਦਾ ਅੰਗਰੇਜ਼ੀ ਵਿਚ ਤਰਜਮਾ ਕਰਦੀ ਹੈ-
ਕਦੇ ਕਹਿੰਦੀ ਹੈ- ਬਰਫ਼ ਦੀਆਂ ਕਣੀਆਂ ਪੈਂਦੀਆਂ ਹਨ
ਕਦੇ ਕਹਿੰਦੀ ਹੈ- ਸੁੱਕੇ ਪੱਤੇ ਝੜਦੇ ਹਨ
ਕਦੇ ਕਹਿੰਦੀ ਹੈ- ਸਮੁੰਦਰ ਦੀ ਛੱਲ ਮੁੜ ਰਹੀ ਹੈ
ਦਰਿਆ ਉਤਰ ਰਿਹਾ ਹੈ
ਚਾਹ ਠੰਢੀ ਹੋ ਰਹੀ ਹੈ
ਤਸਵੀਰਾਂ ਪੀਲ਼ੀਆਂ ਪੈ ਰਹੀਆਂ ਹਨ

ਇਸ ਮੁਲਕ ਵਿਚ ਬੰਦੇ ਨੂੰ ਹੋਣਾ ਨਹੀਂ ਚਾਹੀਦਾ
ਇਥੇ ਉਹ ਪਰਦੇਸੀ ਹੋਈ ਜਾਂਦਾ ਹੈ
ਇਸ ਮੁਲਕ ਵਿਚ ਪਰਦੇਸੀ ਬੇਗਾਨੇ ਨੂੰ ਅਪਣਾ ਮੰਨਣ ਲਗਦਾ ਹੈ
ਮੰਨਦਾ ਰਹਿੰਦਾ ਹੈ ਮੰਨ ਬੈਠਦਾ ਹੈ

ਇਸ ਮੁਲਕ ਵਿਚ ਪਰਦੇਸੀ ਸੂਟ ਨਾਲ਼ ਮੌਜੇ ਪਾਉਂਦਾ ਹੈ
ਇਸ ਮੁਲਕ ਵਿਚ ਕਾਲਚਕ੍ਰ ਦਾ ਇਕ ਦੰਦਾ ਭੁਰ ਜਾਂਦਾ ਹੈ
ਘੜੀ ਅੱਗੇ ਨਹੀਂ ਤੁਰਦੀ
ਤਵਾ ਘੁੰਮਦਾ ਰਹਿੰਦਾ ਹੈ ਸੂਈ ਅੱਗੇ ਨਹੀਂ ਤੁਰਦੀ

ਇਸ ਮੁਲਕ ਵਿਚ ਪਰਦੇਸੀ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਕਰਦਾ ਹੈ
ਕੀ ਕਰਦਾ ਰਹਿੰਦਾ ਹੈ
ਉਹ ਅਣਜਾਣ ਰਹਿੰਦਾ ਹੈ ਅਣਜਾਣੇ ਵਿਚ

[22]