ਪੰਨਾ:Pardesi Dhola.pdf/36

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਲਸਣ

ਦੂਰ ਕਿਤੇ ਪਰਦੇਸੀਂ
ਜਦ ਕੋਈ ਵਤਨੀ ਭਉਂਦਿਆਂ ਨਜ਼ਰੀਂ ਆਵੇ
ਕੋਈ ਖੁਸ਼ੀ ਅਨੋਖੀ ਚੜ੍ਹ ਜਾਂਦੀ ਹੈ।
ਆਪਮੁਹਾਰੇ ਨਜ਼ਰਾਂ ਤੇ ਹੱਥ ਉਸ ਵਲ ਧਾਂਦੇ
ਸੁੱਖਸਾਂਦ ਪਿੰਡ ਗਵਾਂਢ ਦੀ ਗੱਲ ਦੀ ਤੰਦ ਜਿਹੀ ਫਿਰ ਜੁੜ ਜਾਂਦੀ ਹੈ।

ਸਾਨਫ੍ਰਾਂਸਿਸਕੋ ਦੇ ਇਕ ਪਿੰਡ ਵਿਚ
ਮੀਲਾਂਬੱਧੀ ਪਸਰੇ ਖੇਤਾਂ ਵਿਚ
ਜਦ ਖੇਤ ਮਜੂਰਨ ਬੀਬੀਆਂ ਖ਼ਾਤਿਰ
ਪੰਜਾਬੀ ਵਿਚ ਲਿਖਿਆ ਲਫ਼ਜ਼ ਲਸਣ ਜਦ ਨਜ਼ਰੀਂ ਆਇਆ
ਲੱਗਾ ਜਿਵੇਂ ਬੋਲੀ ਅਪਣੀ
ਦੂਰ ਪਰਦੇਸ ਦੀ ਧਰਤੀ ਉੱਤੇ ਖ਼ੁਸ਼ਆਮਦੀਦ ਬੁਲਾਵੇ
ਹੱਥ ਮਿਲ਼ਾਵੇ ਜੱਫੀ ਪਾਵੇ ਖੈਰ ਮਨਾਵੇ
ਇਕ ਪਲ ਲਫ਼ਜ਼ ਲਸਣ ਵੀ ਮਿਸਰੀ ਵਰਗਾ ਮਿੱਠਾ ਲੱਗਾ।

ਪਰ ਸਾਗਰੋਂ ਵਿਛੜੀ ਮੱਛਲੀ ਵਰਗੇ
ਲਫ਼ਜ਼ ਵੀ ਜੂਨ ਗੁਆ ਲੈਂਦੇ ਹਨ
ਮਾਅਨੇ ਹੋਰ ਬਣਾ ਲੈਂਦੇ ਹਨ
ਦਿਲ ਨੂੰ ਹੋਰ ਦੁਖਾ ਜਾਂਦੇ ਹਨ।

ਏਥੇ ਲਫ਼ਜ਼ ਲਸਣ ਦਾ ਮਤਲਬ-
15 ਡਾਲੇ ਰੋਜ਼ ਦਿਹਾੜੀ
ਘੜੀ ਦੀ ਟਿਕ ਟਿਕ
ਡਾਰ-ਵਿਛੁੰਨੀਆਂ ਕੂੰਜਾਂ
ਗਹਿਣੇ ਸੂਟ ਕਬੀਲੇਦਾਰੀ ਹੱਥ ਦੀਆਂ ਛਾਪਾਂ
ਪਰਲੋਭਾਂ ਤੇ ਮੋਹ ਦਾ ਭਵਜਲ
ਜਿਸ ਵਿਚ ਵਿਰਲੀ ਟਾਵੀਂ ਮੱਛੀ
ਜਾਲ਼ ਤੋਂ ਜਾਨ ਛੁਡਾ ਸਕਦੀ ਹੈ॥

[32]