ਪੰਨਾ:Pardesi Dhola.pdf/37

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਖੇਡ

ਚੰਨ ਮਾਮਾ ਇਸ ਖੇਡ ਚ ਕਿਤੇ ਵੀ ਨਹੀਂ।

ਹੀ-ਮੈਨ ਟੈਲੀ ਦੀ ਗ਼ਾਰ ਚੋਂ ਨਿਕਲ਼ਦਾ ਹੈ
ਤਾਂ ਪੀਲ਼ੇ ਰੰਗ ਦਾ ਬਿੱਲਾ
ਤੇ ਕਲ਼ਮੂੰਹਾਂ ਮੌਨਸਟਰ
ਮਹਿਲਾਂ ਦੀਆਂ ਝੀਤਾਂ ਵਿਚ ਲੁਕ ਜਾਂਦਾ ਹੈ।

ਨਬੀ ਹਾਕਾਂ ਮਾਰਦਾ ਹੈ-
ਸ਼ੀਬਾ...ਸ਼ੀਬਾ...
ਸ਼ੀਬਾ ਕਿਤੇ ਨਹੀਂ
ਤੇ ਇਸ ਤੋਂ ਬੇਖ਼ਬਰ ਅਪਣਾ ਸਾਈਕਲ
ਨੀਂਦ ਦੀ ਸੜਕ 'ਤੇ ਦੁੜਾਉਣ ਲਗਦਾ ਹੈ।

[1]ਹੀ-ਮੈਨ ਡੌਨਲਡ ਡੱਕ ਮਿੱਕੀ ਮਾਊਸ
ਹਲਕ, ਸਪਾਈਡਰਮੈਨ
ਇਕ ਦੂਜੇ ਦਾ ਰੂਪ ਵਟਾਉਂਦੇ
ਵਗਦੇ ਟੈਲੀ ਚ ਛਾਲ਼ਾਂ ਮਾਰਦੇ ਅਲੋਪ ਹੋ ਜਾਂਦੇ ਹਨ।

ਨਬੀ ਖੜ੍ਹਾ ਦੇਖਦਾ ਹੈ ਚੁੱਪਚਾਪ ਹੈਰਾਨ

ਚੰਨ ਚਾਨਣੀ ਇਸ ਸਾਰੀ ਖੇਡ ਚ ਕਿਤੇ ਵੀ ਨਹੀਂ
ਇਹਦੀ ਹੁਣ ਉਡੀਕ ਕਿਸਨੂੰ ਹੈ?

[33]

  1. * ਇਹ ਸਾਰੇ ਕਿਰਦਾਰ ਬੱਚਿਆਂ ਦੀਆਂ ਅਮਰੀਕੀ ਫ਼ਿਲਮਾਂ ਦੇ ਹਨ, ਜੋ ਪਹਿਲੀ ਦੁਨੀਆ ਵਿਚ ਵੱਸਦੇ ਸਾਡੇ ਬੱਚਿਆਂ ਦੇ ਨਵੇਂ ਅਲਫ਼-ਲੈਲਾ ਤੇ ਪੰਚਤੰਤਰ ਹਨ।