ਪੰਨਾ:Pardesi Dhola.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਵੀਡੀਓ ਗੇਮ

ਕੌਣ ਹੈ ਮੈਨੂੰ ਖੇਡ ਰਿਹਾ?

ਹੋਣੀ ਦੀ ਇਹ ਖੇਡ ਅਣੋਖੀ
ਕੌਣ ਅਞਾਣਾ ਖੇਲੇ ਹੈ ਨਿਤ ਪਰਦੇ ਉੱਤੇ?

ਲੰਮ-ਸਲੰਮੀ ਨਦੀ ਕਿਨਾਰੇ
ਕੱਲਮਕੱਲਾ
ਟੋਇਆਂ ਦੇ ਵਿਚ ਡਿਗਦਾ-ਢਹਿੰਦਾ
ਪੈਰਾਂ ਦੇ ਵਿਚ ਪੱਥਰ ਅੜਦੇ
ਮੂਧੇ-ਮੂੰਹ ਡਿਗ ਪੈਂਦਾਂ
ਢਹਿ ਜਾਵਾਂ ਜਿਉਂ ਖ਼ਾਕ ਦੀ ਢੇਰੀ
ਟੁਟ ਜਾਂਦਾ ਹਾਂ ਕੱਚ ਦੇ ਵਾਂਙੂੰ

ਫਿਰ ਉੱਠਦਾ ਹਾਂ ਟੁਕੜਾ-ਟੁਕੜਾ ਕਰ ਕੇ 'ਕੱਠਾ
ਮੁੜ ਤੁਰਦਾ ਹਾਂ ਨਦੀ ਕਿਨਾਰੇ
ਨਦੀ ਨ ਮੁੱਕਦੀ ਪੰਧ ਨੂੰ ਮੁੱਕਦਾ
ਫਿਰ ਓਹੀ ਕੁਛ ਹੁੰਦਾ ਕਿਣਕਾ-ਕਿਣਕਾ ਟੁਕੜੇ-ਟੁਕੜੇ

ਮੇਰੇ ਵਸ ਵਿਚ ਕੁਝ ਵੀ ਨਾਹੀਂ
ਤੁਰਨਾ ਖੀਣਾ ਹੋਣਾ-ਥੀਣਾ
ਮੈਂ ਕਠਪੁਤਲਾ ਡੋਰ ਤਾਂ ਉਸ ਦੇ ਹੱਥੇ
ਜੋ ਮੈਨੂੰ ਨਿਤ ਖੇਲੇ
ਮੈਂ ਨਹੀਂ ਡਿਗਦਾ
ਉਹ ਡਿਗਦਾ ਹੈ
ਮੈਂ ਨਹੀਂ ਹਰਦਾ
ਉਹ ਹਰਦਾ ਹੈ
ਜੇ ਹਰਨਾ ਮੇਰੀ ਹੈ ਹੋਣੀ
ਤਾਂ ਹਰਨਾ ਉਸਦੀ ਕਿਉਂ ਹੋਣੀ?

[46]