ਇਹ ਸਫ਼ਾ ਪ੍ਰਮਾਣਿਤ ਹੈ
ਪਰਦੇਸੀ ਢੋਲਾ
ਇਹ ਥਾਂ
ਇਹ ਥਾਂ ਵੀ ਘਰ ਵਰਗੀ ਹੈ
ਜਿਥੇ ਮਾਂ ਦੀ ਬੁੱਕਲ਼ ਵਿਚ ਵੀ ਚੈਨ ਨਹੀਂ
ਹਰ ਸਾਹ ਕਿਸ ਦੀਆਂ ਬਿੜਕਾਂ ਲੈਂਦਾ
ਚੇਤੇ ਦਾ ਕਾਂ ਹਰ ਦਮ ਬੋਲੇ
ਕੋਈ ਨਾ ਵਿਹੜੇ ਵੜਦਾ
ਲਗਦਾ ਜਿੱਦਾਂ ਸਭ ਕੁਝ ਖੁੱਸ ਰਿਹਾ ਹੈ
ਹੀਰਾ ਜਨਮ ਅਮੁੱਲਾ, ਕੌਡੀਓਂ ਖੋਟਾ ਲਗਦਾ
ਦਿਲ ਛੋਟਾ, ਦਿਹੁੰ ਵੱਡਾ, ਤਨ ਮਿੱਟੀ ਹੁੰਦਾ ਜਾਂਦਾ
ਹਰ ਸ਼ੈਅ ਬੜੀ ਕ਼ਰੀਬ ਹੈ ਲਗਦੀ
ਚਿਤ ਕਰਦਾ ਧਾੱ ਕੇ ਜੱਫੀ ਪਾਵਾਂ
ਦਿਲ ਦਾ ਹਾਲ ਸੁਣਾਵਾਂ
ਪਰ ਹਰ ਸ਼ੈਅ ਜਿਉਂ ਛਲੇਡਾ ਦੰਦੀਆਂ ਕੱਢੇ
ਠਾਠਾਂ ਮਾਰੇ ਮ੍ਰਿਗਜਲ ਸਾਗਰ
ਅਪਣਾ-ਆਪਾ ਨਦੀ ਕਿਨਾਰੇ ਰੁੱਖੜਾ ਲਗਦਾ
ਹਰ ਛੱਲ ਖੋਰੀ ਜਾਂਦੀ ਕੰਢਾ
ਘੁੱਗੀ ਬਲ਼ਦੀ ਛਾਵੇਂ ਬੈਠੀ ਅਪਣੇ-ਆਪ ਨਾ' ਬਾਤਾਂ ਪਾਵੇ
ਮੇਰਾ ਪਿੱਛਾ ਕਰਦੀ-ਕਰਦੀ ਸੱਤ ਸਮੁੰਦਰ ਉੜ ਕੇ ਆਈ
ਸੁਪਨੇ ਅੰਦਰ ਰੋਂਦੀ ਕੋਈ ਨਾ ਚੁੱਪ ਕਰਾਵਣ ਵਾਲ਼ਾ
ਦੇਖ ਮਨਾਂ, ਇਹ ਥਾਂ ਵੀ ਘਰ ਵਰਗੀ ਹੈ ...
[49]