ਪੰਨਾ:Pardesi Dhola.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਸਫ਼ਰ

ਲੰਮਾ ਸਫ਼ਰ ਅਕੇਵਾਂ
ਗੱਡੀ ਦੀ ਬਾਰੀ ਦੇ ਸ਼ੀਸ਼ੇ 'ਤੇ
ਮੈਂ ਸਿਰ ਰੱਖਿਆ ਹੈ
ਬਾਰੀ ਠੰਢੀ ਸੀਤ ਜਿਉਂ
ਬਰਫ਼ੀਲੀ ਰੁੱਤੇ ਸੱਜਣ ਹੱਥ ਮਿਲ਼ਾਇਆ
ਜਾਂ ਪਿਆਰੀ ਦੇ ਠੰਢੇ ਕੰਨ ਨੂੰ
ਨੱਕ ਦੀ ਬੂੰਬਲ਼ ਛੋਹਵੇ
ਜਾਂ ਤਾਪ ਚੜ੍ਹੇ 'ਤੇ ਬਲ਼ਦੇ ਮੱਥੇ ਉੱਤੇ
ਮਾਂ ਨੇ ਹੱਥ ਰੱਖਿਆ ਹੈ

ਕੁਝ ਪਲ ਰਾਹਤ ਮਿਲ਼ਦੀ
ਦਿਲ ਨੂੰ ਠੰਢ ਪੈਂਦੀ ਹੈ
ਸਾਰੇ ਜੱਗ ਦੀਆਂ ਗੱਡੀਆਂ ਦਾ ਖੜਕਾ ਇੱਕੋ-ਜਿੱਕਾ
ਸਾਰੇ ਜੱਗ ਦੀਆਂ ਗੱਡੀਆਂ ਦਾ ਸਫ਼ਰ ਅਕੇਵਾਂ
ਆਖ਼ਿਰ ਦੇਰ-ਸਵੇਰੇ
ਇੱਕੋ ਥਾਂ 'ਤੇ ਜਾ ਕੇ ਮੁੱਕ ਜਾਂਦਾ ਹੈ।

[52]