ਪੰਨਾ:Pardesi Dhola.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਸਮੁੰਦਰ ਕੰਢੇ ਮਾਘੀ ਸੰਨ 2001 ਈਸਵੀ

ਆਕਾਸ਼ ਹਵਾ ਤੇ ਸਾਗਰ ਪਾਣੀ
ਸਭ ਕੁਝ ਠੰਢਾ ਠੰਢਾ ਸੀ

ਧੁੱਪ ਇਸ਼ਨਾਨ ਕਰੇਂਦੀ
ਸੂਰਜ ਮਾਂ ਖੜ੍ਹੀ ਮੁਸਕਾਂਦੀ
ਲਹਿਰਾਂ ਦੀ ਆਵਾਜ਼ ਵੀ ਗਿੱਲੀ ਗਿੱਲੀ ਸੀ

ਧੁੱਪ ਭਲੀ ਵਿਚ ਸੀਤ ਹਵਾ ਨੱਕ ਦੇ ਬੂੰਬਲ਼ ਨੂੰ ਸੁੰਨ ਕਰਦੀ ਸੀ
ਰੁੱਤ ਸੀ ਫ਼ਾਇਰ ਦੇ ਮੁੱਢ ਬਹਿ ਕੇ ਚਾਹ ਸੁੜ੍ਹਾਕਣ ਦੀ
ਤਾਂ ਵੀ ਲੋਕੀਂ ਅੱਜ ਦੇ ਦਿਨ ਦਾ ਸ਼ੁਕਰ ਮਨਾਵਣ ਆਏ ਸਨ

ਬੇੜੀਆਂ ਮੂਧੇ ਮੂੰਹ ਪਈਆਂ ਰੇਤੇ ਉੱਤੇ
ਮਛਿਆਰੇ ਯਸੂਦੁਆਰੇ ਬਣ-ਠਣ ਕੇ ਨਿਕਲ਼ੇ ਸਨ

ਕੁੱਛੜ ਚੁੱਕੇ ਬਾਲ ਨੂੰ ਬਾਪ ਦਰਸ ਕਰਾਉਂਦਾ ਸੀ
ਪਾਣੀ ਦਾ ਪਹਿਲੀ ਵਾਰੀ

ਮਾਹਣੂ ਕੁੰਡੀਆਂ ਲਾ ਕੇ ਬੈਠੇ
ਉਡੀਕ ਲੱਗੀ ਸੀ ਮੱਛੀ ਦੀ
ਭੁੱਖ ਉਨ੍ਹਾਂ ਦੀ ਚਮਕ ਰਹੀ ਸੀ ਲਹਿਰਾਂ ਉੱਤੇ

ਮਾਂ ਅੱਜ ਦੇ ਦਿਨ
ਤੜਕੇ ਇਸ਼ਨਾਨ ਕਰੇਂਦੀ
ਜਾ ਕੇ ਗੁਰੂਦੁਆਰੇ ਸੁੱਖਾਂ ਸੁੱਖਦੀ ਸੀ
ਰਹੁ ਦੀ ਖੀਰ ਬਣਾਉਂਦੀ
ਜਿਸਨੂੰ ਖਾ ਕੇ ਸਾਰੇ ਦੁੱਖ ਭੁੱਲ ਜਾਂਦੇ ਸਨ

[57]