ਪੰਨਾ:Pardesi Dhola.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਸ਼ਾਇਰਾਂ ਦਾ ਸਫ਼ਰਨਾਮਾ

ਪੈਸਿਫ਼ਿਕ ਸਾਗਰ ਕੰਢੇ ਕੰਢੇ
ਕਰਦੇ ਜਾਂਦੇ ਸਫ਼ਰ ਉਮਰ ਦਾ
ਐੱਲ ਏ[1] ਤੋਂ ਸੈਨ ਫ੍ਰਿ਼ਸਕੋ ਚੱਲੇ
ਰੋਡਿਆਂ ਦਾ ਅਜਮੇਰ ਸਿੰਘ ਥਾ
ਸਾਧੂ ਬਿਨਿੰਗ ਕਾਰ ਚਲਾਵੇ ਦੱਬ ਕੇ ਕੀਲੀ
ਪਿੱਛੇ ਬੈਠਾ ਬਿਟ ਬਿਟ ਤੱਕਦਾ ਮੈਂ ਸੀ

ਹੱਸਦੇ ਸੁਣ ਕਰ ਰਫ਼ੀ ਮੁਹੰਮਦ
ਟੁੱਟਾ ਆਸ਼ਿਕ ਰੋਂਦਾ ਹੇਕਾਂ ਲਾ ਕੇ
ਬਾਹਰ ਚੁੱਪ ਵੀਰਾਨੀ ਜਿੱਡੀ
ਅਪਣਾ ਆਪਾ ਤੁੱਛ ਲਗਦਾ ਸੀ
ਮੀਲਾਂ ਤੋੜੀ ਫ਼ਸਲ ਅੰਗੂਰੀ ਜਾਂ ਫਿਰ ਚੈਰੀ
ਸਭ ਕੁਛ ਢਕਿਆ ਬੀਤੇ ਹੇਠਾਂ
ਸਾਵੇਂ ਨੀਲੇ ਪੀਲ਼ੇ ਪਰਬਤ
ਪਾਰੋ ਜਿਉਂ ਹਿੱਕੜੀ ਢਕ ਕੇ ਸੁੱਤੀ
ਸ਼ਿਵ ਜੀ ਵੀ ਸੇਜ ਮਾਣ ਕੇ ਸੁੱਤੇ ਪਏ ਸੀ

ਨਾਲ਼ ਰਬੜ ਦੀ ਸੜਕ ਦੇ ਉੱਤੇ
ਹੱਸਦੇ ਮੁੰਡੇ ਜੱਗਰਨਾਟ[2] ਚਲਾਂਦੇ
ਲੱਦਿਆ ਮਾਲ ਕਨੇਡੇ ਚੱਲਿਆ

ਦੇਖ ਕੇ ਸ਼ੀਸ਼ੇ ਥਾਣੀਂ ਸਾਧੂ ਕਹਿੰਦਾ-
ਅਪਣੇ ਲਗਦੇ!

ਮੈਂ ਭਉਂ ਕੇ ਡਿੱਠਾ- ਅੱਖ ਉਨ੍ਹਾਂ ਦੀ ਪੰਜਾਬੀ ਸੀ
ਸਾਸ੍ਰੀਕਾਲ ਬੁਲਾਉਂਦੀ

[64]

  1. * ਲੌਸ ਐਂਜਲਸ
  2. - ਅਠਾਰਾਂ ਪਹੀਆਂ ਵਾਲਾ ਟਰੱਕ