ਪੰਨਾ:Pardesi Dhola.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਗੁਣਾਚੌਰ

ਗੁਣਾਚੌਰ ਮੈਂ ਕਦੇ ਨਹੀਂ ਗਿਆ
ਕੋਈ ਗੁਣਾਚੌਰ ਦਾ ਨਾਂ ਲੈਂਦਾ ਹੈ
ਤਾਂ ਦਿਲ ਨੂੰ ਕੁਛ ਹੋਣ ਲਗਦਾ ਹੈ
ਮਾਂ ਗੁਣਾਚੌਰ ਰਹਿੰਦੇ ਅਪਣੇ ਰਿਸ਼ਤੇਦਾਰਾਂ
ਦੀਆਂ ਗੱਲਾਂ ਕਰਦੀ ਹੁੰਦੀ ਸੀ
ਮੈਂ ਉਹਦੇ ਖੰਭਾਂ 'ਤੇ ਬੈਠ ਗੁਣਾਚੌਰ ਚਲੇ ਜਾਣਾ

ਓਦੋਂ ਲਗਦਾ ਸੀ-
ਗੁਣਾਚੌਰ ਕੋਈ ਜਗ੍ਹਾ ਹੈ
ਜਲੰਧਰ ਦੇ ਪਰ੍ਹੇ ਨਵੇਂ ਸ਼ਹਿਰ ਲਾਗੇ
ਨ੍ਹੇਰੇ ਵਿਚ ਕੋਈ ਬੱਤੀ ਹੈ ਜਗਦੀ-ਬੁੱਝਦੀ
ਮੈਂ ਰਿਸ਼ਤੇਦਾਰਾਂ ਦਾ ਸੋਚਦਾ ਜੋ ਕਦੇ ਮਿਲ਼ੇ ਨਹੀਂ

ਅੱਜ ਵੀ ਉਹ ਥਾਂ ਬਹੁਤੀ ਦੂਰ ਨਹੀਂ
ਨੇੜੇ ਹੀ ਹੈ ਬਹੁਤ ਨੇੜੇ
ਮੈਂ ਜਿਥੇ ਵੀ ਹੁੰਦਾ ਹਾਂ
ਓਤੇ ਹੀ ਹੁੰਦੀ ਹੈ ਮਾਂ
ਓਤੇ ਹੀ ਹੁੰਦਾ ਹੈ ਗੁਣਾਚੌਰ

[69]