ਪੰਨਾ:Pardesi Dhola.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਹਾਂ, ਨਹੀਂ ਹਾਂ

ਹੋਣਾ Being ਵਜੂਦੀ ਮਸਲ੍ਹਾ ਹੈ। ਬਸਤੀਵਾਦੀ ਇਤਿਹਾਸ ਵਾਲ਼ੇ ਅਖੌਤੀ ਪਰਦੇਸ ਵਿਚ ਰਹਿੰਦਿਆਂ ਘਸੇ-ਪਿਟੇ ਲਫ਼ਜ਼ਾਂ ਨਾਲ਼ ਅੰਗਰੇਜ਼ੀ ਵਾਲ਼ੀ ਛੋਟੀ b ਵਾਲ਼ੀ Being ਨੂੰ ਬਿਆਨ ਕਰਨਾ ਕੋਈ ਔਖਾ ਨਹੀਂ। 'ਜਲਾਵਤਨੀਂ' ਲਫ਼ਜ਼ ਲੇਖਕਾਂ, ਕਲਾਕਾਰਾਂ ਤੇ ਸਿਆਸੀ ਕਾਰਕੁੰਨਾਂ ਦਾ ਚਹੇਤਾ ਲਫ਼ਜ਼ ਹੈ। ਇਥੇ ਹੋਣਾ ਮੇਰੀ ਮਜਬੂਰੀ ਹੈ। ਉਂਜ ਬੰਦਾ ਹਰ ਥਾਂ ਜਲਾਵਤਨ ਹੀ ਹੁੰਦਾ ਹੈ। ਇਹ ਉਹਦੀ ਹੋਣੀ ਹੈ। ਬੰਦੇ ਦਾ ਅਸਲ ਘਰ ਉਹ ਹੁੰਦਾ ਹੈ, ਜਿਥੇ ਉਹਦਾ ਮਾਣ ਹੋਏ; ਜਿਥੇ ਉਹਦੀ ਆਸ ਬਣੀ ਰਹੇ ਜਾਂ ਜਿਥੇ ਉਹ ਨਾਬਰ ਹੋ ਸਕੇ। ਸ਼ਾਇਰ ਹੋਣ ਕਰਕੇ ਨਾਬਰ ਹੋ ਸਕਣਾ ਤਾਂ ਮੇਰੇ ਵੱਸ ਦੀ ਗੱਲ ਹੈ। ਨਸਲਵਾਦ ਤੇ ਵਿਜੋਗ (ਏਲੀਏਨੇਸ਼ਨ) ਵਰਗੇ ਲਫ਼ਜ਼ ਮੇਰੀ ਤੇ ਹੋਰਨਾਂ ਰੰਗਦਾਰ ਲੋਕਾਂ ਦੀ ਸਮਾਜੀਅਤ ਨੂੰ ਬੜੀ ਸੌਖੀ ਤਰ੍ਹਾਂ ਬਿਆਨ ਕਰ ਦਿੰਦੇ ਹਨ। ਪਰ ਹੁਣ ਇਨ੍ਹਾਂ ਲਫ਼ਜ਼ਾਂ ਦਾ ਮੇਰੇ ਲਈ ਉਹ ਮਤਲਬ ਨਹੀਂ ਰਿਹਾ, ਜੋ ਕੁਝ ਸਾਲ ਪਹਿਲਾਂ ਹੁੰਦਾ-ਹੁੰਦਾ ਸੀ। ਜੇ ਅੱਜ ਮੈਂ ਅਪਣੇ 'ਘਰ' ਪੰਜਾਬ ਚ ਹੁੰਦਾ, ਤਾਂ ਓਤੇ ਵੀ ਮੈਂ ਵਿਜੋਗਿਆ ਤੇ ਖੂੰਜੇ ਲੱਗਾ ਹੋਣਾ ਸੀ। ਮੈਂ ਬੀਤੇ ਸਮੇਂ ਨੂੰ ਕਦੇ ਨਹੀਂ ਝੂਰਦਾ। ਇਹਨੇ ਮੈਨੂੰ ਦੁੱਖ ਹੀ ਦਿੱਤਾ ਹੈ। ਹਰ ਭਾਰਤੀ ਦੇ ਮਨ ਵਿਚ ਇਹ ਗੱਲ ਅਚੇਤ ਹੀ ਵੱਸੀ ਹੁੰਦੀ ਹੈ ਕਿ ਇਕ ਦਿਨ ਮੈਂ ਘਰ ਮੁੜ ਜਾਣਾ ਹੈ। ਆਗਿਆਕਾਰ ਪੁਤਰ ਰਾਮ ਰਾਮਚੰਦਰ ਬਣਵਾਸ ਕੱਟ ਕੇ ਇਕ ਦਿਨ ਘਰ ਮੁੜ ਆਏ ਸਨ, ਤਾਂ ਲੋਕਾਂ ਘਿਓ ਦੇ ਦੀਵੇ ਬਾਲ਼ੇ ਸਨ। ਗੁਰੂ ਬਾਬਾ ਨਾਨਕ ਗਿਆਨ ਦੀ ਭਾਲ਼ ਵਿਚ ਘਰੋਂ ਚਾਰ ਵਾਰ ਉਦਾਸੀਆਂ 'ਤੇ ਗਏ ਤੇ ਘਰ ਮੁੜ ਆਉਂਦੇ ਰਹੇ। ਮੈਂ ਇਥੇ ਰਘੁਕੁਲ ਰੀਤ ਨਿਭਾਉਣ ਨਹੀਂ ਆਇਆ ਤੇ ਨਾ ਹੀ ਗਿਆਨ ਦੀ ਭਾਲ਼ ਵਿਚ। ਮੈਂ ਮੁੜ ਕੇ ਨਹੀਂ ਜਾਣਾ। ਜਿਵੇਂ ਬੱਚਿਆਂ ਦੀ ਵੀਡੀਓ ਖੇਡ ਵਿਚ ਹੁੰਦਾ ਹੈ- ਕੋਈ ਅਣਜਾਣ ਮੈਨੂੰ ਯਾਦਾਂ ਦੇ ਰਾਹ ਪਾ ਦਿੰਦਾ ਹੈ। ਰਸਤੇ ਵਿਚ ਮੈਂ ਡਿਗ ਕੇ ਚਕਨਾਚੂਰ ਹੋ ਜਾਂਦਾ ਹਾਂ। ਮੈਂ ਆਪਾ ਸਮੇਟਦਾ ਹਾਂ। ਸਗਲ-ਸਬੂਤਾ ਹੋ ਕੇ ਫੇਰ ਤੁਰਨ ਲਗਦਾ ਹਾਂ ਤੇ ਫੇਰ ਮੈਨੂੰ ਕੋਈ ਖੇਰੂੰ-ਖੇਰੂੰ ਕਰ ਦਿੰਦਾ ਹੈ। ਇਹ ਹੋਣ ਨਾ-ਹੋਣ ਦਾ ਚਕ੍ਰ ਕਦੇ ਨਹੀਂ ਮੁੱਕਦਾ ਤੇ ਨਾ ਮੈਨੂੰ ਪਤਾ ਲਗਦਾ ਹੈ, ਉਹ ਕੌਣ ਹੈ, ਜੋ ਮੈਨੂੰ ਖੇਡ ਰਿਹਾ ਹੈ।

ਮੈਂ ਪੰਜਾਬੀ ਵਿਚ ਸੋਚਦਾ ਹਾਂ, ਪੰਜਾਬੀ ਵਿਚ ਮੇਰਾ ਦਿਲ ਧੜਕਦਾ ਹੈ ਤੇ ਸੁਪਨੇ ਵੀ ਮੈਨੂੰ ਪੰਜਾਬੀ ਵਿਚ ਹੀ ਆਉਂਦੇ ਹਨ। ਫ਼ਰਾਇਡ ਆਖਦਾ ਹੈ ਕਿ ਕੋਈ ਮੁੜ ਕੇ ਕੁੱਖ ਵਿਚ ਨਹੀਂ ਜਾ ਸਕਦਾ। ਕੋਈ ਹੋਰ ਗੱਲ ਕਰਦਿਆਂ ਜੌਨ੍ਹ ਬਰਜਰ

[74]