ਪੰਨਾ:Performing Without a Stage - The Art of Literary Translation - by Robert Wechsler.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਹਤਰੀਨ ਲਈ ਤਿਆਰੀ

ਤੁਸੀਂ ਨੋਟ ਕਰੋਗੇ ਕਿ ਮੈਂ ਅਨੁਵਾਦਕਾਂ ਦਾ ਜ਼ਿਕਰ "ਉਹਨਾਂ" ਕਹਿ ਕੇ ਕਰਦਾ ਹਾਂ। ਮੈਨੂੰ ਇਹ ਸਵੀਕਾਰ ਕਰ ਕੇ ਗੱਲ ਸ਼ੁਰੂ ਕਰਦਾਂ ਹਾਂ ਕਿ ਮੈਂ ਕੋਈ ਸਾਹਿਤਕ ਅਨੁਵਾਦਕ ਨਹੀਂ ਹਾਂ। ਇੱਕ ਪ੍ਰੋਫੈਸਰ ਦੀ ਤਰ੍ਹਾਂ ਜੋ ਸਾਹਿਤ ਬਾਰੇ ਲਿਖਦਾ ਹੈ ਪਰ ਉਸਨੇ ਖੁਦ ਕੁਝ ਕੁ ਕਵਿਤਾਵਾਂ ਜਾਂ ਕਹਾਣੀਆਂ ਹੀ ਲਿਖੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਸਦੇ ਡੈਸਕ ਦੇ ਦਰਾਜ਼ ਵਿੱਚ ਹੀ ਪਈਆਂ ਹੁੰਦੀਆਂ ਹਨ, ਮੈਂ ਬਸ ਥੋੜ੍ਹਾ ਜਿਹਾ ਅਨੁਵਾਦ ਹੀ ਕੀਤਾ ਹੈ, ਜਿਸ ਵਿੱਚੋਂ ਬਹੁਤਾ ਉੱਥੇ ਦਾ ਉੱਥੇ ਹੀ ਪਿਆ ਹੈ।

ਹਾਲਾਂਕਿ ਮੈਂ ਤਿੰਨ ਵੱਖ-ਵੱਖ ਭਾਸ਼ਾ ਸਮੂਹਾਂ (ਫ੍ਰੈਂਚ/ਰੋਮਾਂਸ, ਚੈੱਕ/ਸਲਾਵਿਕ, ਜਰਮਨ/ਜਰਮਨਿਕ- ਯੋਗਤਾ ਦੇ ਕ੍ਰਮ ਅਨੁਸਾਰ) ਵਿੱਚ ਤਿੰਨ ਭਾਸ਼ਾਵਾਂ ਪੜ੍ਹ ਲੈਂਦਾ ਹਾਂ, ਪਰ ਮੈਂ ਉਨ੍ਹਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਰਵਾਂ ਨਹੀਂ ਹਾਂ ਅਤੇ, ਇਸਲਈ, ਅਨੁਵਾਦ ਮੇਰੇ ਲਈ ਇੱਕ ਲੰਬੀ ਅਤੇ ਮੁਸ਼ਕਲ ਪ੍ਰਕਿਰਿਆ ਹੈ। ਐਪਰ, ਮੈਂ ਬਹੁਤ ਸਾਰੇ ਪੁਸਤਕ-ਲੰਬਾਈ ਦੇ ਅਨੁਵਾਦ ਸੰਪਾਦਿਤ ਕੀਤੇ ਹਨ, ਜੋ ਕਿ ਜਿੰਨੀ ਘੱਟੋ ਘੱਟ ਸਾਵਧਾਨੀ ਨਾਲ ਮੈਂ ਇਸ ਨੂੰ ਕਰਦਾ ਹਾਂ, ਕਾਫ਼ੀ ਮਿਹਨਤ ਦਾ ਕੰਮ ਹੈ।

ਆਪਣੀਆਂ ਭਾਸ਼ਾਈ ਸੀਮਾਵਾਂ ਦੇ ਬਾਵਜੂਦ, ਅਨੁਵਾਦ ਮੇਰਾ ਸੱਚਾ ਪਿਆਰ ਹੈ। ਮੈਂ ਇੱਕ ਸ਼ਾਮ ਬਿਤਾਉਣ ਦੇ ਇਸ ਨਾਲੋਂ ਬਹੁਤ ਸਾਰੇ ਵਧੀਆ ਤਰੀਕਿਆਂ ਬਾਰੇ ਨਹੀਂ ਸੋਚ ਸਕਦਾ ਕਿ ਮੈਂ ਫ੍ਰੈਂਚ ਜਾਂ ਚੈਕ ਜਾਂ ਜਰਮਨ ਕਵਿਤਾ ਦਾ ਸੰਗ੍ਰਹਿ ਕੱਢ ਲਵਾਂ, ਮੌਕੇ ਲਈ ਸਹੀ ਲੇਖਕ ਅਤੇ ਸਹੀ (ਅਕਸਰ ਛੋਟੇ ਆਕਾਰ ਦੀ) ਕਵਿਤਾ ਦੀ ਭਾਲ ਕਰਨ ਲਈ ਪੰਨਿਆਂ ਦੀ ਫਰੋਲਾ ਫਰਾਲੀ ਕਰਾਂ। ਅਤੇ ਫਿਰ ਆਪਣੇ ਡੈਸਕ ਤੇ ਦੋ ਜਾਂ ਤਿੰਨ ਸ਼ਬਦਕੋਸ਼ (ਵਿਦੇਸ਼ੀ-ਅੰਗ੍ਰੇਜ਼ੀ, ਵਿਦੇਸ਼ੀ, ਅੰਗਰੇਜ਼ੀ), ਇੱਕ ਥੀਸੌਰਸ, ਕਵਿਤਾ ਸੰਗ੍ਰਹਿ ਅਤੇ ਸਭ ਤੋਂ ਵੱਡਾ ਸਾਹਿਤਕ ਆਈਕਾਨ, ਕਾਗਜ਼ ਦੀ ਖਾਲੀ ਸ਼ੀਟ ਲੈ ਕੇ ਨਿੱਠ ਕੇ ਬੈਠ ਜਾਵਾਂ।

ਅਨੁਵਾਦ ਦੇ ਨਾਲ ਮੇਰੇ ਤਜਰਬਿਆਂ ਨੇ ਮੈਨੂੰ ਸਪੱਸ਼ਟ ਤੌਰ 'ਤੇ ਦਿਖਾਇਆ ਹੈ ਕਿ ਇਹ ਲਿਪੀਬੱਧ ਕਰਨਾ, ਭਾਸ਼ਾਵਾਂ ਨਾਲ ਖੇਡਣ ਜਾਂ ਕਿਸੇ ਹੋਰ ਦੀ ਕਿਤਾਬ ਨੂੰ ਲਿਖ ਦੇਣ ਦਾ ਮਾਮਲਾ ਨਹੀਂ ਹੈ। ਇਹ ਬਹੁਤ ਮਿਹਨਤੀ ਬੌਧਿਕ ਅਤੇ ਕਲਾਤਮਕ ਪ੍ਰਕਿਰਿਆ ਹੈ, ਅਤੇ ਬਹੁਤ ਜ਼ਿਆਦਾ ਪੜ੍ਹੇ-ਲਿਖੇ ਲੋਕ ਵੀ ਪੇਸ਼ੇਵਰ ਪੱਧਰ ਤੇ ਇਸਨੂੰ ਕਰਨ ਦੇ ਅਯੋਗ ਹੁੰਦੇ ਹਨ।

ਅਨੁਵਾਦ ਇਕੋ ਸਮੇਂ ਕਿਸੇ ਚੀਜ਼ ਨੂੰ ਨੇੜਿਓਂ ਪੜ੍ਹਨ, ਇਸਦੀ ਅਲੋਚਨਾ ਕਰਨ, ਅਤੇ ਲਿਖਣ ਦਾ ਇਕ ਬਹੁਤ ਸਰਗਰਮ ਤਰੀਕਾ ਹੈ। ਇਹ ਪੇਸ਼ਕਾਰੀ ਹੈ। ਇੱਕ ਸਾਹਿਤਕ ਆਲੋਚਕ ਵੀ ਨੇੜਿਓਂ ਪੜ੍ਹਦਾ ਹੈ, ਅਲੋਚਨਾ ਕਰਦਾ ਹੈ ਅਤੇ ਲਿਖਦਾ ਹੈ, ਪਰ ਉਸਦੀ ਲਿਖਤ ਬਿਆਨਾਂ ਦਾ ਰੂਪ ਧਾਰ ਲੈਂਦੀ ਹੈ। ਅਨੁਵਾਦਕ ਨੂੰ ਆਪਣੀ ਕਲਮ ਉਥੇ ਰੱਖਣੀ ਪੈਂਦੀ ਹੈ ਜਿਥੇ ਉਸਦਾ ਮਨ ਹੁੰਦਾ ਹੈ, ਅਲੋਚਨਾਤਮਕ ਬਿਆਨ ਦੇ ਰੂਪ ਵਿੱਚ ਨਹੀਂ, ਬਲਕਿ ਸਾਹਿਤਕ ਰਚਨਾ ਦੀ ਨਿਰੰਤਰਤਾ ਵਿੱਚ।

10