ਪੰਨਾ:Performing Without a Stage - The Art of Literary Translation - by Robert Wechsler.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਚੀਜ਼ਾਂ ਸਨ ਜੋ ਮੈਨੂੰ ਖਾਣਾ ਖਾਣ ਤੋਂ ਬਾਅਦ ਉੱਚੀ ਬੋਲ ਕੇ ਪੜ੍ਹਨੀਆਂ ਪਸੰਦ ਸਨ। ਗਿਰੌਡੌਕਸ ਦੀ ਇਕ ਲਿਖਤ ਅਤੇ ਕੁਝ ਹੋਰ ਚੀਜ਼ਾਂ ਸਨ,ਜੋ ਮੈਨੂੰ ਮਨਮੋਹਕ ਲੱਗਦੀਆਂ ਸਨ, ਅਤੇ ਫਿਰ ਕਿਸੇ ਨੇ ਕਿਹਾ, "ਹਾਂ, ਤੁਸੀਂ ਇਨ੍ਹਾਂ ਨੂੰ ਕਿਸੇ ਪ੍ਰਕਾਸ਼ਕ ਨੂੰ ਕਿਉਂ ਨਹੀਂ ਭੇਜਦੇ।" ਉਸ ਸਮੇਂ ਹਾਵਰਡ ਸ਼ਬਦਕੋਸ਼ ਸੰਪਾਦਕ ਅਤੇ ਉਤਸ਼ਾਹੀ ਕਵੀ ਸੀ। ਹੁਣ ਉਹ ਫ੍ਰੈਂਚ ਤੋਂ ਅੰਗ੍ਰੇਜ਼ੀ ਦਾ ਪ੍ਰਸਿੱਧ ਅਨੁਵਾਦਕ ਹੈ, ਅਤੇ ਕਵੀ ਬਣਨ ਦੇ ਸੁਪਨੇ ਨਹੀਂ ਲੈਂਦਾ।

ਰਿਚਰਡ ਵਿਲਬਰ ਦੀ ਅਨੁਵਾਦਕ ਵਜੋਂ ਸ਼ੁਰੂਆਤ ਕਰਨ ਪਿੱਛੇ ਇਕ ਵੱਖਰੀ ਕਿਸਮ ਦੀ ਦੋਸਤੀ ਅਤੇ ਆਪਸਦਾਰੀ ਸੀ। “ਅਨੁਵਾਦ ਦਾ ਮੇਰਾ ਪਹਿਲਾ ਤਜਰਬਾ ਉਦੋਂ ਹੋਇਆ ਜਦੋਂ ਆਂਦਰੇ ਡੂ ਬੂਸ਼ੇ, ਜੋ ਹੁਣ ਇੱਕ ਚੰਗਾ ਸਥਾਪਿਤ ਫਰਾਂਸੀਸੀ ਕਵੀ ਹੈ, ਅਤੇ ਮੈਂ ਹਾਰਵਰਡ ਵਿਖੇ ਗ੍ਰੈਜੂਏਟ ਦੇ ਵਿਦਿਆਰਥੀ ਸੀ। ਮੈਂ ਅਤੇ ਆਂਦਰੇ ਬੈਠ ਜਾਂਦੇ ਅਤੇ ਮੈਂ ਉਸਦੀਆਂ ਕਵਿਤਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦੀ ਕੋਸ਼ਿਸ਼ ਕਰਦਾ, ਅਤੇ ਉਹ ਮੇਰੀਆਂ ਕਵਿਤਾਵਾਂ ਫ੍ਰੈਂਚ ਵਿੱਚ। ਇਹ ਬੜਾ ਮਜ਼ੇਦਾਰ ਰੁਝੇਵਾਂ ਸੀ। ਉਸਨੇ ਮੈਨੂੰ ਬਾਦਲੇਅਰ ਵਾਂਗ ਲੱਗਣ ਲਾ ਦਿੱਤਾ। ਮੈਨੂੰ ਲੱਗਦਾ ਹੈ ਕਿ ਮੈਂ ਉਸਦੀਆਂ ਕਵਿਤਾਵਾਂ ਦਾ ਉਹਦੇ ਜਿੰਨਾ ਵਧੀਆ ਅਨੁਵਾਦ ਨਹੀਂ ਸੀ ਕਰ ਸਕਦਾ। ਪਰ ਆਂਦਰੇ ਨੂੰ ਜਾਣਦਾ ਹੋਣ ਕਰਕੇ, ਮੈਂ ਉਸਦੀ ਕਿਸੇ ਵੀ ਕਵਿਤਾ ਦਾ ਅਨੁਵਾਦ ਇਸ ਭਾਵਨਾ ਨਾਲ ਸ਼ੁਰੂ ਕਰਨ ਦੇ ਯੋਗ ਸੀ ਕਿ ਮੈਂ ਉਸਦੀ ਅਵਾਜ਼ ਦੇ ਲਹਿਜੇ ਅਤੇ ਉਸਦੇ ਮਨ ਵਿੱਚ ਚਲਦੇ ਦਵੰਦਾਂ ਨੂੰ ਜਾਣਦਾ ਸੀ।"* ਵਿਲਬਰ ਵੀ ਇਕ ਚੰਗਾ ਸਥਾਪਿਤ ਕਵੀ ਬਣ ਗਿਆ ਸੀ ਅਤੇ ਉਹ ਮੋਲੀਅਰ ਅਤੇ ਵੋਜ਼ਨੇਸੇਂਸਕੀ ਵਰਗੇ ਲੇਖਕਾਂ ਦਾ ਅਨੁਵਾਦਕ ਵੀ ਸੀ। ਅਨੁਵਾਦਿਤ ਲੇਖਕ ਨਾਲ ਸੰਬੰਧਾਂ ਦੀ ਇਹ ਭਾਵਨਾ ਵਿਲਬਰ ਦੇ ਭਵਿੱਖ ਦੇ ਅਨੁਵਾਦ ਕਾਰਜ ਵਿੱਚ ਜਾਰੀ ਰਹੀ: "ਮੈਂ ਕਿਸੇ ਜੀਵਤ ਜਾਂ ਮਰਹੂਮ ਵਿਅਕਤੀ ਦੇ ਕੰਮਾਂ ਦਾ ਅਨੁਵਾਦ ਕਰਨਾ ਸ਼ੁਰੂ ਕਰਨ ਦੀ ਸੋਚ ਵੀ ਨਹੀਂ ਸਕਦਾ ਜਦੋਂ ਤੱਕ ਮੈਨੂੰ ਵੀ ਉਸ ਨਾਲ ਇੱਕ ਤਰ੍ਹਾਂ ਦੀ ਨਿੱਜੀ ਸਮਝ ਦਾ ਘੱਟੋ-ਘੱਟ ਭਰਮ-ਮਾਤਰ - ਕਿਸੇ ਖ਼ਾਸ ਰਚਨਾ ਤੋਂ ਵਧ ਕੇ ਉਸਦੀਆਂ ਭਾਵਨਾਵਾਂ ਦੇ ਦਾਇਰੇ ਦੀ ਕੁਝ ਨਾ ਕੁਝ ਸਮਝ ਨਾ ਹੋਵੇ।"

ਵਿਲੀਅਮ ਵੀਵਰ ਨੇ ਅਨੁਵਾਦ ਕਰਨਾ ਇਸਲਈ ਸ਼ੁਰੂ ਕੀਤਾ ਤਾਂ ਜੋ ਉਹ ਇਟਲੀ ਵਿੱਚ ਉਸਨੂੰ ਮਿਲ਼ਣ ਵਾਲ਼ੇ ਦੋਸਤਾਂ ਦੀ ਗੱਦ ਅਤੇ ਕਵਿਤਾ ਪੜ੍ਹ ਸਕੇ। ਦੂਸਰੇ ਵਿਸ਼ਵ ਯੁੱਧ ਦੌਰਾਨ ਉਹ ਉਥੇ ਐਂਬੂਲੈਂਸ ਚਲਾਉਂਦਾ ਰਿਹਾ ਸੀ ਅਤੇ ਉਸ ਦੀ ਇਤਾਲਵੀ ਇੰਨੀ ਚੰਗੀ ਨਹੀਂ ਸੀ ਕਿ ਜੋ ਉਹ ਪੜ੍ਹ ਰਿਹਾ ਹੁੰਦਾ, ਉਹ ਗਹੁ ਨਾਲ ਪੜਤਾਲ ਕੀਤੇ ਬਿਨ੍ਹਾਂ ਉਸਨੂੰ ਸਮਝ ਸਕਦਾ। ਵੀਵਰ ਨੂੰ ਮਿਲਿਆ ਪਹਿਲਾ ਅਨੁਵਾਦ ਦਾ ਕੰਮ ਵੀ ਦੋਸਤੀ ਦਾ ਹੀ ਸਿੱਟਾ ਸੀ। "ਮੈਂ ਇਹ ਕੀਤਾ," ਉਸਨੇ ਮੈਨੂੰ ਦੱਸਿਆ, “ਕਿਉਂਕਿ ਇਹ ਮੇਰੇ ਸਭ ਤੋਂ ਨਜ਼ਦੀਕੀ ਇਤਾਲਵੀ ਦੋਸਤ ਦਾ ਕੰਮ ਸੀ ਅਤੇ ਉਸਨੂੰ ਵਿਆਹ ਕਰਾਉਣ ਲਈ ਪੈਸੇ ਦੀ ਲੋੜ ਸੀ। ਉਸਨੇ ਬੱਸ ਇਹ ਮੰਨ ਲਿਆ ਕਿ ਮੈਂ ਹੀ ਇਸਦਾ ਅਨੁਵਾਦ ਕਰਾਂਗਾ, ਕਿਉਂਕਿ ਮੈਂ ਉਸਨੂੰ ਇਸਨੂੰ ਲਿਖਦੇ ਹੋਏ ਵੇਖਿਆ ਸੀ; ਅਤੇ ਮੈਂ ਉਸਦੇ ਪਰਿਵਾਰ ਨਾਲ ਰਹਿ ਰਿਹਾ ਸੀ।" ਅਤੇ ਇਹ ਦੋਸਤੀ ਵਾਸਤੇ ਅਨੁਵਾਦ ਦਾ ਅਮਲ ਜਾਰੀ ਰਿਹਾ। "ਮੈਂ ਉਸ ਸਮੇਂ ਇਟਲੀ ਵਿਚ ਰਹਿ ਰਿਹਾ ਸੀ ਅਤੇ ਮੈਂ ਇਨ੍ਹਾਂ ਲੇਖਕਾਂ ਵਿੱਚੋਂ ਬਹੁਤ ਸਾਰਿਆਂ ਨੂੰ ਵਿਅਕਤੀਗਤ ਤੌਰ ਤੇ ਜਾਣਦਾ ਸੀ। ਕੁਝ ਮਾਮਲਿਆਂ ਵਿਚ ਮੈਂ ਹੀ ਇਕੱਲਾ ਅਨੁਵਾਦਕ ਸੀ ਜਿਸ ਨੂੰ ਉਹ ਜਾਣਦੇ ਸਨ। ਅਤੇ ਇਸ ਲਈ ਉਹ ਹਮੇਸ਼ਾਂ ਮੈਨੂੰ ਆਪਣੀਆਂ ਕਿਤਾਬਾਂ ਦਾ ਅਨੁਵਾਦ ਕਰਨ ਲਈ ਕਹਿੰਦੇ ਜਾਂ ਪ੍ਰਕਾਸ਼ਕਾਂ ਕੋਲ਼ ਮੇਰੀ ਸਿਫਾਰਿਸ਼ ਕਰਦੇ।"

(15)