ਪੰਨਾ:Saakar.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪਿਤਾ ਨਾਲ਼ ਗੱਲਾਂ



ਤੁਸਾਂ ਸਿਖਾਇਆ ਮੈਨੂੰ ਊੜਾ ਲਿਖਣਾ
ਖੁਸ ਖੁਸ ਕਰਦਾ ਹੱਥ ਮਿਰਾਅਪਣੇ ਹੱਥ ਵਿਚ ਲੈ ਕੇ
ਤੁਸਾਂ ਸਿਖਾਇਆ ਕੈਮਰਾ ਫੜਨਾ
ਕਿਵੇਂ ਸ਼ੀਸ਼ੇ ਦੀ ਅੱਖ ਨੂੰ ਅੱਖ ਦੇ ਨਾਲ਼ ਮੇਲਣਾ
ਸੇਧ ਨਿਸ਼ਾਨਾ ਪੁਤਲੀ ਵਿਚ ਨੂੰ
ਤੁਸਾਂ ਸਿਖਾਇਆ ਬਟਣ ਦਬਾਣਾ ਸਾਹ ਰੋਕ ਕੇ
ਕੈਮਰਾ ਜਿਉਂ ਬੰਦੁਕ ਹੋਂਵਦਾ
ਜੋ ਦਾਗੇ ਹੈ ਰੂਹ ਵਿਚ ਸਿੱਧੀ ਸੰਜੀਵਨ ਗੋਲ਼ੀ

ਤੁਸੀਂ ਕੈਸੇ ਪਰਲੋਕ ਸਿਧਾਏਮੁੜ ਕੇ ਫਿਰ ਨਾ ਆਏ
ਹੁਣ ਕਿੱਥੇ ਓ ਕੀ ਕਰਦੇ ਓ
ਆ ਜਾਓ ਤਾਂ ਛੁੱਟੀ ਲੈ ਕੇ
ਮੈਂ ਖਿੱਚਾਂਗਾ ਤਸਵੀਰ ਤੁਹਾਡੀ ਨਾਲ਼ ਬਿਠਾ ਕੇ ਅੱਖ ਲਿਸ਼ਕਾ ਕੇ

ਯਾਦ ਹੈ ਅਪਣੀ ਉਹ ਤਸਵੀਰ
ਜੋ ਕੈਮਰੇ ਅਪਣੇ-ਆਪੂੰ ਖਿੱਚੀ
ਤੁਸੀਂ ਹੋ ਬੈਠੇ ਮੈਨੂੰ ਕੁੱਛੜ ਚਾਈ ਗੱਲ੍ਹ ਨਾ' ਗੱਲ੍ਹ ਛੁਹਾ ਕੇ

ਤਸਵੀਰ ਨਹੀਂ ਹੈ ਦਸਦੀ
ਉਸ ਪਲ ਸੀ ਤੁਹਾਡਾ ਦਿਲ ਭਰ ਆਇਆ

ਆਵੋ ਮੁੜ ਕੇ
ਮੈਂ ਦਿਖਲਾਵਾਂਗਾ ਖਿੱਚੀਆਂ ਉਨ੍ਹਾਂ ਦੀਆਂ ਤਸਵੀਰਾਂ
ਤੁਸੀਂ ਜਿਨ੍ਹਾਂ ਨੂੰ ਮਿਲੇ ਨਹੀਂ ਸੀ
ਉਹ ਥਾਵਾਂ ਵੀ ਜਿਥੇ ਤੁਸੀਂ ਗਏ ਨਹੀਂ ਸੀ
ਤੇ ਤੁਸੀਂ ਦਿਖਲਾਈਓ ਮੈਨੂੰ ਉਹ ਤਸਵੀਰਾਂ ਸੰਗਤੀਆਂ ਦੀਆਂ ਜੋ ਰਹਿੰਦੇ ਸੱਚਖੰਡ ਅੰਦਰ

9