ਪੰਨਾ:Saakar.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੰਨ 1932 ਦੇ ਕਿਸੇ ਸੁਹਣੇ ਦਿਨ ਨਕੋਦਰ ਦੇ ਸਦਰ ਬਾਜ਼ਾਰ ਵਿਚ ਫ਼ੋਟੋ ਖਿੱਚ ਹੋਣ ਲੱਗੀ ਹੈ

ਬਣ-ਠਣ ਕੇ ਆਈਆਂ ਮਾਵਾਂ ਧੀਆਂ
ਫ਼ੋਟੋ ਖਿਚਵਾਵਣ ਨੂੰ
ਵਿੰਙਾ ਚੀਰ, ਫਾਂਟਾਂ ਵਾਲ਼ਾ ਝੱਗਾ, ਤਿੱਲੇ ਵਾਲ਼ੀ ਜੁੱਤੀ

ਬੈਠੀਆਂ ਤਿੰਨ-ਪਾਏ ਜਨੌਰ ਦੇ ਅੱਗੇ
ਕੀ ਨਾਮ ਹੈ ਇਸਦਾ
ਮੂੰਹ ਨਾ ਦਿਸਦਾ

ਕਰਦਾ ਕੀ ਹੈ ਫ਼ੋਟੋ ਵਾਲ਼ਾ
ਸਿਰ 'ਤੇ ਲੈ ਕੇ ਕਾਲ਼ਾ ਕੱਪੜਾ
ਮਾਰ ਕੇ ਝੁੰਗਲ਼ਮਾਟਾ
ਪਿੱਛੇ ਲੁਕ-ਲੁਕ ਕੀ ਤੱਕਦਾ ਹੈ-

ਸ਼ੀਸ਼ੇ ਦੀ ਕੰਧ 'ਤੇ ਪੈਂਦਾ ਲੋਅ ਦਾ ਪਰਛਾਵਾਂ
ਪਰਛਾਵੇਂ ਦਾ ਉਲ਼ਟਾ ਪਰਛਾਵਾਂ
ਤਿੱਲੇ ਵਾਲ਼ੀ ਜੁੱਤੀ, ਫਾਂਟਾਂ ਵਾਲ਼ਾ ਝੱਗਾ, ਵਿੰਙਾ ਚੀਰ

ਲਾਹ ਕੇ ਢੱਕਣ ਸ਼ੀਸ਼ੇ ਦੀ ਅੱਖ ਤੋਂ
ਫ਼ੋਟੋ ਵਾਲ਼ਾ ਬੋਲੇ ਨਾਲ਼ ਘੈਂਟੀ ਖੜਕਾਵੇ
ਧਿਆਨ ਦੁਆਵੇ-
ਮੁਸਕਾਓ ਮੁਸਕਾਓ
ਹਿੱਲਣਾ ਨਾਹੀਂਹਿੱਲਣਾ ਨਾਹੀਂਨਾਹੀਂ ਹਿੱਲਣਾ

ਇੰਜ ਉਸ ਨਾ-ਹਿੱਲੇ ਵੇਲੇ ਦੀ ਤਸਵੀਰ ਉਤਾਰੀ ਸ਼ੀਸ਼ੇ ਉੱਤੇ
ਫਿਰ ਸ਼ੀਸ਼ੇ ਤੋਂ ਕਾਗ਼ਜ਼ ਉੱਤੇ

ਕਿੱਥੇ ਨੇ ਹੁਣ
ਉਹ ਫ਼ੋਟੋ ਵਾਲ਼ਾ ਭਾਈ ਪਿਤਾ ਜੁ ਮੇਰਾ
ਉਹ ਮਾਵਾਂ ਧੀਆਂ
ਨਿਤ ਉਨ੍ਹਾਂ ਦਾ ਖੱਪਾ ਭਰਦੀ ਇਹ ਤਸਵੀਰ
ਜਿਸ ਕਦੇ ਵੀ ਭਰਨਾ ਨਹੀਂ ਹੈ

25