ਸਮੱਗਰੀ 'ਤੇ ਜਾਓ

ਪੰਨਾ:Saakar.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਤਸਵੀਰ ਕਾਰਡ 'ਤੇ ਛਪੀ ਲੰਦਨ ਸ਼ਹਿਰ ਦੇ ਅਜਾਇਬਘਰ ਵਿਚ ਵਿਕਦੀ ਹੈ। ਬਾਤਸਵੀਰ ਕਾਰਡ ਮਿਤ੍ਰ-ਪਿਆਰਿਆਂ ਨੂੰ ਸੁੱਖਸਾਂਦ ਦੇ ਚਾਰ ਅੱਖਰ ਪਾਉਣ ਲਈ ਵਰਤੀਦਾ ਹੈ। ਮੈਂ ਇਹ ਕਾਰਡ ਅਪਣੇ ਪੰਜਾਬੀ ਮਿਤ੍ਰਾਂ ਨੂੰ ਇਹ ਲਿਖ ਕੇ ਭੇਜਦਾ ਹੁੰਦਾ ਹਾਂ- ਵੇਖਣਾ ਇਹ ਤਸਵੀਰ ਕਿਸਦੀ ਹੈ?-ਮਿਤਰ ਇਹ ਤਸਵੀਰ ਦੇਖਦੇ ਹੋਣਗੇ ਤੇ ਜਦ ਦੂਜੇ ਪਾਸੇ ਕੁੜੀ ਦਾ ਅੰਗਰੇਜ਼ੀ ਵਿਚ ਛਪਿਆ ਨਾਂ ਪੜ੍ਹਦੇ ਹੋਣਗੇ, ਤਾਂ ਉਨ੍ਹਾਂ 'ਤੇ ਕੀ ਬੀਤਦੀ ਹੋਵੇਗੀ? -ਪ੍ਰਿੰਸੈੱਸ ਸੋਫ਼ੀਆ ਦਲੀਪ ਸਿੰਘ ਸੈਲਿੰਗ ਦ' ਸਫ਼ਰਾਜੈੱਟ ਆਊਟਸਾਈਡ ਹੈਂਪਟਨ ਕੋਰਟ ਪੈਲੇਸ, 1913.

ਹਾਂ, ਪੰਜਾਬ ਦੇ ਬਾਦਸ਼ਾਹ ਰਣਜੀਤ ਸਿੰਘ ਦੀ ਪੋਤੀ ਅਖ਼ਬਾਰ ਵੇਚ ਰਹੀ ਹੈ; ਗੁਜ਼ਰ ਲਈ ਨਹੀਂ; ਪ੍ਰਚਾਰ ਲਈ। ਅਖ਼ਬਾਰ ਵੀ ਜੁਗਗਰਦੀ ਦਾ। ਯੂਨਾਨੀ ਲਫ਼ਜ਼ ਸੋਫ਼ੀ ਦਾ ਮਤਲਬ ਹੈ -ਗਿਆਨ, ਅਕਲ। ਮੈਂ ਸੋਫ਼ੀ ਦਾ ਨਾਂ ਪਾਇਆ ਹੈ- ਗਿਆਨ ਕੌਰ। ਗਿਆਨੋ।

ਗਿਆਨੋ ਨੂੰ ਕੀ ਪਤਾ ਸੀ ਕਿ ਉਹਦੇ ਹਿੰਦੀ ਭਰਾ ਅਮਰੀਕਾ ਦੇ ਪੱਛਮੀ ਸਾਹਿਲ 'ਤੇ ਬੈਠੇ ਭਾਰਤ ਮਾਂ ਦੇ ਬੰਧਨ ਕੱਟਣ ਦੀਆਂ ਤਿਆਰੀਆਂ ਕਰ ਰਹੇ ਹਨ? ਉਨ੍ਹਾਂ ਦੇ ਨਾਲ਼-ਦੀ ਕੋਈ ਗੁਲਾਬ ਕੌਰ ਨਾਂ ਦੀ ਬੀਬੀ ਵੀ ਹੈ। ਉਹ ਗ਼ਦਰ ਨਾਂ ਦਾ ਅਖਬਾਰ ਕੱਢਦੇ ਹਨ, ਜਿਹਦੇ ਅਖ਼ੀਰ ਵਿਚ ਲਿਖਿਆ ਹੁੰਦਾ ਹੈ- ਏਹ ਕਾਗਦ ਨਹੀਂ, ਏਹ ਲੜਾਈ ਦਾ ਝੰਡਾ ਹੈ। —ਪੰਜਾਬ ਦੇ ਬਾਦਸ਼ਾਹ ਰਣਜੀਤ ਸਿੰਘ ਦੀ ਪੋਤੀ ਫ਼ਰੰਗੀਆਂ ਦੇ ਮੁਲਕ ਵਿਚ ਇਨਕਲਾਬ ਦੀ ਲੜਾਈ ਦਾ ਝੰਡਾ ਚੁੱਕੀ ਖੜ੍ਹੀ ਹੈ, ਜਿਨ੍ਹਾਂ ਨੇ ਪੂਰੀ ਇਕ ਸਦੀ ਪੰਜਾਬ ਦੀ ਇਜ਼ਤ ਰੋਲਣੀ ਹੈ।

ਇਹ ਤਸਵੀਰ ਪੰਜਾਬੀ ਹੋਣ ਦੀ ਕਸੌਟੀ ਹੈ। ਇਹਨੂੰ ਵੇਂਹਦਿਆਂ ਜਿਹਦੇ ਦਿਲ ਨੂੰ ਕੁਝ ਨਹੀਂ ਹੁੰਦਾ, ਜਿਹਦਾ ਸਿਰ ਉੱਚਾ ਨਹੀਂ ਹੁੰਦਾ, ਉਹ ਅਪਣੇ ਪੰਜਾਬ ਦਾ ਨਹੀਂ। ਮੈਂ ਇਹ ਤਸਵੀਰ ਕਿਸੇ ਨੂੰ ਦਿਖਾਈ, ਤਾਂ ਉਹ ਭੁੱਬੀਂ ਰੋਣ ਲਗ ਪਿਆ। ਉਹ ਕਿਉਂ ਰੋਇਆ ਸੀ? ਇਹਨੂੰ ਦੇਖਣ ਵਾਲ਼ਿਆਂ ਦੀਆਂ ਅੱਖਾਂ ਕਿਉਂ ਭਰ ਆਉਂਦੀਆਂ ਹਨ? ਵੱਡੇ ਬੰਦਿਆਂ ਦੇ ਤੁਰ ਜਾਣ ਨਾਲ਼ ਪਏ ਖੱਪੇ ਦੀ ਗੱਲ ਐਵੇਂ ਨਹੀਂ ਬਣੀ ਹੋਈ। ਇਹ ਤਸਵੀਰ ਪੰਜਾਬ ਦੇ ਬੜੇ ਵੱਡੇ ਖੱਪੇ ਦੀ ਤਸਵੀਰ ਹੈ। ਸੱਖਣ ਬੰਦੇ ਨੂੰ ਬਿਹਬਲ ਕਰਦੀ ਹੈ। ਅੱਖਾਂ ਅੱਗੇ ਇਕਦਮ ਆ ਗਈ ਸੱਖਣ ਨਾਲ਼ ਪੈਰ ਉੱਖੜ ਜਾਂਦੇ ਹਨ। ਬੇਬਸੀ ਵਿਚ ਅੱਖਾਂ ਭਰ ਆਉਂਦੀਆਂ ਹਨ। ਲੰਦਨ ਦੇ ਅਜਾਇਬਘਰਾਂ ਵਿਚ ਪਏ ਕੋਹਿਨੂਰ ਹੀਰੇ ਤੇ ਰਣਜੀਤ ਸਿੰਘ ਦਾ ਤਖ਼ਤ ਵੇਖ ਕੇ ਹਰ ਪੰਜਾਬੀ ਕੀ ਸੋਚਦਾ ਹੋਵੇਗਾ, ਇਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ।

ਇਹ ਤਸਵੀਰ ਕਿਸੇ ਨੇ ਇਸਤਰੀ ਲਹਿਰ ਦੀ ਖੋਜ ਕਰਦਿਆਂ ਕੁਝ ਸਾਲ ਪਹਿਲਾਂ ਲੱਭੀ ਸੀ। ਉਹਨੂੰ ਏਨਾ ਹੀ ਪਤਾ ਲੱਗਾ ਕਿ ਗਿਆਨੋ ਦਾ ਵਿਆਹ ਨਹੀਂ ਸੀ ਹੋਇਆ। ਇਹ ਸੰਨ 1948 ਚ ਪੂਰੀ ਹੋਈ। ਕੋਈ ਨਹੀਂ ਜਾਣਦਾ, ਇਹ ਇਨਕਲਾਬਣ ਕਿਉਂ ਬਣੀ ਸੀ? ਕੀ ਇਹਨੂੰ ਪਤਾ ਸੀ ਕਿ ਇਹਦਾ ਦਾਦਾ ਔਰਤ ਨੂੰ ਕੀ ਸਮਝਦਾ ਸੀ? ਜਿਸ ਧਰਮ ਦਾ ਉਹ ਪੈਰੋਕਾਰ ਸੀ, ਉਸ ਧਰਮ ਵਿਚ ਔਰਤ ਦਾ ਕੀ ਰੁਤਬਾ ਹੈ? ਇਹ ਤਸਵੀਰ ਤਰਸ ਜਗਾਉਂਦੀ ਹੈ, ਖ਼ਾਲਸਾ ਰਾਜ ਦੇ ਖੁੱਸ ਜਾਣ ਤੇ ਦਲੀਪ ਸਿੰਘ ਦੇ ਕੱਖਾਂ ਤੋਂ ਵੀ ਹੌਲ਼ੇ ਹੋ ਜਾਣ ਦਾ ਦੁਖਾਂਤ।

31