ਪੰਨਾ:Saakar.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਤਸਵੀਰ ਭਗਤ ਸਿੰਘ ਦੀ ਟੋਪ ਵਾਲ਼ੀ ਤਸਵੀਰ ਵਾਂਙ ਪੰਜਾਬ ਵਿਚ ਥਾਂ-ਪੁਰ-ਥਾਂ ਹੋ ਸਕਦੀ ਸੀ। ਕੀ ਗੱਲ ਹੋ ਗਈ ਕਿ ਇਸ ਸਦੀ ਵਿਚ ਪੰਜਾਬ ਦੀ ਕੋਈ ਇਕ ਵੀ ਸਿਰਕਢ ਕੌਮੀ ਲੀਡਰ ਨਹੀਂ ਉਭਰੀ?

ਗਿਆਨੋ ਸਾਰੀਆਂ ਪੰਜਾਬਣਾਂ ਦੀ ਮੋਹਰੀ ਹੈ। ਉਨ੍ਹਾਂ ਦੀ ਆਜ਼ਾਦੀ ਦੀ ਲਹਿਰ ਦੀ ਮੁਹਰੈਲ। ਪਰ ਇਹਦੀ ਕੋਈ ਮਿਥ ਨਹੀਂ ਬਣੀ; ਕਹਾਣੀ ਨਹੀਂ ਬਣੀ; ਇਹਨੂੰ ਕੋਈ ਨਹੀਂ ਜਾਣਦਾ। ਪੂਰਨ ਸਿੰਘ ਨੂੰ ਜੇ ਇਹਦਾ ਪਤਾ ਹੁੰਦਾ, ਤਾਂ ਓਨ ਗਿਆਨੋ ਦੇ ਨਾਂ ਕਵਿਤਾ ਜ਼ਰੂਰ ਲਿਖਣੀ ਸੀ। ਪੰਜਾਬ ਦੀ ਧੀ ਗਿਆਨੋ ਪੰਜਾਬੀਆਂ ਦੀ ਜਗਤ-ਭੈਣ ਹੈ। ਇਸ ਸਦੀ ਦੇ ਅਖ਼ੀਰਲੇ ਸਾਲ ਹਰ ਪੰਜਾਬੀ ਭਰਾ ਦੇ ਗੁੱਟ 'ਤੇ ਗਿਆਨੋ ਨੇ ਰੱਖੜੀ ਬੰਨ੍ਹਣੀ ਹੈ।

ਉਨੀ ਸੌ ਸੱਠਾਂ ਚ ਇੰਗਲੈਂਡ ਚ ਕਮਾਈਆਂ ਕਰਨ ਆਏ ਪੰਜਾਬੀਆਂ ਦੀਆਂ ਤਸਵੀਰਾਂ ਕਿਸੇ ਨੇ ਇਕੱਠੀਆਂ ਕੀਤੀਆਂ ਹਨ। ਇਹ ਲੋਕ ਰਾਜ਼ੀਖ਼ੁਸ਼ੀ ਪਹੁੰਚੇ ਹੋਣ ਤੇ ਸੁਖਸਾਂਦ ਦੀ ਖ਼ਬਰ ਵਜੋਂ ਅਪਣੇ ਘਰੀਂ ਘੱਲਦੇ ਹੁੰਦੇ ਸਨ। ਜ਼ਿਆਦਾ ਤਸਵੀਰਾਂ ਮਰਦਾਂ ਦੀਆਂ ਹਨ। ਨਵਾਂ-ਨਵਾਂ ਮੂੰਹ ਸਿਰ ਸਫ਼ਾਚੱਟ ਕਰਵਾ ਕੇ ਕੋਈ ਬੈਟਰੀ ਨਾਲ਼ ਚਲਣ ਵਾਲ਼ਾ ਰੇਡੀਉ ਲਈ ਬੈਠਾ ਹੈ; ਕੋਈ ਪੌਂਡ ਦਾ ਨੋਟ ਦਿਖਾ ਰਿਹਾ ਹੈ। ਗਿਆਨੋ ਨੇ ਵੀ ਬੜੇ ਸਾਲ ਪਹਿਲਾਂ ਇਹ ਫ਼ੋਟੋ ਖਿਚਵਾਈ ਸੀ; ਅਪਣੇ ਘਰ ਪੰਜਾਬ ਘੱਲਣ ਲਈ, ਅਪਣੇ ਟੱਬਰ ਦੇ ਦੇਖਣ ਲਈ। ਟੱਬਰ ਬਹੁਤ ਵੱਡਾ ਹੈ - ਕੁਲ ਪੰਜਾਬੀ ਇਸ ਟੱਬਰ ਦੇ ਜੀਅ ਹਨ। ਗਿਆਨੋ ਕਹਿੰਦੀ ਹੈ: ਦੇਖੋ, ਮੇਰੇ ਹੱਥ ਚ ਕੀ ਹੈ।- ਪਰ ਇਹ ਤਸਵੀਰ ਰਾਹ ਵਿਚ ਕਿਤੇ ਗੁਆਚ ਗਈ, ਚਿੱਠੀ ਵਾਂਙ; ਜੋ ਹੁਣ ਕਿਤੇ ਜਾ ਕੇ ਲੱਭੀ ਹੈ। ਇਹ ਚਿੱਠੀ ਲਿਖਣ ਵਾਲ਼ੀ ਅੱਜ ਏਸ ਜਹਾਨ ਵਿਚ ਨਹੀਂ; ਪਰ ਉਹਨੇ ਜਿਨ੍ਹਾਂ ਨੂੰ ਇਹ ਚਿੱਠੀ ਪਾਈ ਸੀ, ਉਹ ਹਮੇਸ਼ਾਂ ਮੌਜੂਦ ਰਹਿਣਗੇ।

ਹੋ ਸਕਦੈ, ਇਸ ਮੌਕੇ ਦੀ ਕਿਸੇ ਨੇ ਫ਼ਿਲਮ ਵੀ ਬਣਾਈ ਹੋਵੇ। ਉਹਦੇ ਚ ਗਿਆਨੋ ਕਿਹੋ ਜਿਹੀ ਲਗਦੀ ਹੋਵੇਗੀ- ਤੁਰਦੀ ਜਾਂਦੀ ਵੀ ਨੱਸਦੀ ਜਾਂਦੀ ਲਗਦੀ ਹੈ। ਇਹਦੇ ਪੈਰਾਂ ਵਿਚ ਤਵਾਰੀਖ਼ ਦਾ ਕੋਈ ਚਕ੍ਰ ਹੈ। ਦੇਰ ਨਹੀਂ ਹੋ ਸਕਦੀ। ਵੇਲਾ ਖੁੰਝ ਰਿਹਾ ਹੈ।- ਉਸ ਵੇਲੇ ਦੀਆਂ ਨੀਊਜ਼ਰੀਲਾਂ ਵਿਚ ਕਲੋਜ਼ਅੱਪ ਬੜੇ ਘਟ ਹੁੰਦੇ ਹਨ। ਜ਼ੋਰ ਜ਼ਾਤ 'ਤੇ ਨਹੀਂ, ਖ਼ਲਕਤ 'ਤੇ ਹੁੰਦਾ ਹੈ। ਗਿਆਨੋ ਫ਼ਿਲਮ ਵਿਚ ਰਾਜੇ ਦੀ ਧੀ ਨਹੀਂ, ਲੋਕਾਈ ਦਾ ਨਿੱਕਾ-ਜਿਹਾ ਅੰਗ ਹੈ; ਤੇਰੇ ਮੇਰੇ ਵਰਗੀ, ਪਰ ਸਭ ਤੋਂ ਨਿਆਰੀ।

ਕੋਈ ਵੀ ਕੀਤਾ ਕੰਮ ਅਣਕੀਤਾ ਨਹੀਂ ਹੋ ਸਕਦਾ। ਇਹ ਸਦਾ ਲਈ ਦਰਜ ਹੋ ਜਾਂਦਾ ਹੈ। ਇਹ ਹੋਇਆ-ਪਿਆ ਸਦਾ ਮੌਜੂਦ ਰਹਿੰਦਾ ਹੈ। ਇਹ ਹਵਾ ਵਿਚ ਗੰਧ ਵਾਂਙ ਸਮਾਇਆ ਹੁੰਦਾ ਹੈ- ਕਰਮ ਤੇ ਕੁਕਰਮ ਦੀ ਗੰਧ ਨਾਲ਼। ਬਣੀ ਤਸਵੀਰ ਵੀ ਕੰਮਾਂ ਵਰਗਾ ਕੰਮ ਹੁੰਦਾ ਹੈ। ਕਿਤੇ ਲਿਖਿਆ ਵਿਖਾਣ ਦੀ ਮੰਗ ਬੰਦਾ ਆਮ ਹੀ ਕਰਦਾ ਹੈ। ਤਸਵੀਰ ਲਿਖੀ ਹੋਣ ਕਰਕੇ ਪੱਕੀ ਗਵਾਹੀ ਹੁੰਦੀ ਹੈ- ਸਦੀਵੀ ਹੁਣ-ਖਿਣ ਦੀ, ਹੋਣ ਤੇ ਨਾ ਹੋਣ ਦੀ। ਤਸਵੀਰ ਵਿਚਲਾ ਇਨਸਾਨ ਅਮਰ ਹੁੰਦਾ ਹੈ; ਉਹ ਹੁੰਦਾ ਰਹਿੰਦਾ ਹੈ, ਉਹ ਹੋਵੇਗਾ ਨਹੀਂ ਹੁੰਦਾ। ਤਸਵੀਰ ਬੇਅਕਸੀ ਨਹੀਂ ਹੁੰਦੀ, ਭਾਵੇਂ ਸਿਮਰਤੀ ਵਾਂਙ ਮਨ ਵਿਚ ਹੀ ਪਈ ਹੋਵੇ। ਇਹ

32