ਪੰਨਾ:Saakar.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਤਸਵੀਰ ਹਰਨਾਮ ਚੰਦ ਨੇ ਤੁਹਾਡੇ ਤੇ ਮੇਰੇ ਲਈ ਨਹੀਂ ਸੀ ਖਿਚਵਾਈ। ਇਹ ਉਹਦੇ ਘਰ ਦੇ ਜੀਆਂ ਵਾਸਤੇ ਸੀ; ਖਾਸ ਕਰਕੇ ਰੁਕਮਣੀ ਲਈ। ਲਹੌਰ ਜਾਂ ਵਲਾਇਤ ਪੜ੍ਹਦਿਆਂ ਦੀਆਂ ਇਹੋ-ਜਿਹੀਆਂ ਬੜੀਆਂ ਤਸਵੀਰਾਂ ਅੱਜ ਵੀ ਪੰਜਾਬੀ ਘਰਾਂ ਵਿਚ ਸਾਂਭੀਆਂ ਪਈਆਂ ਹੋਣਗੀਆਂ।

ਤਸਵੀਰਾਂ ਵਿਚ ਵੱਡੇ ਜਣਿਆਂ ਦੀ ਤੱਕਣੀ ਸਦਾ ਦਰਸ਼ਕ ਨੂੰ ਕੁਛ ਪੁੱਛਦੀ ਹੈ; ਕੁਛ ਚੇਤੇ ਕਰਾਂਦੀ ਹੈ। ਤਸਵੀਰ ਵਿਚ ਤਵਾਰੀਖ਼ ਸਾਕਾਰ ਹੁੰਦੀ ਹੈ। ਤੁਸੀਂ ਆਪ ਕਿਸੇ ਵੱਡੇ ਪੰਜਾਬੀ ਦੀ ਤਸਵੀਰ ਨੂੰ ਗਹੁ ਨਾਲ ਦੇਖਣਾ; ਇਹ ਝੱਟ ਤੁਹਾਡੀਆਂ ਅੱਖਾਂ ਚ ਅੱਖਾਂ ਪਾ ਕੇ ਦੇਖਣ ਲਗ ਪਵੇਗੀ। ਪਾਸ਼ ਦੇ ਆਖਣ ਵਾਂਙ ਇਹ ਤਸਵੀਰ ਤੁਹਾਥੋਂ 'ਕੋਈ ਆਸ' ਰਖਦੀ ਹੈ। ਕਾਹਦੀ ਆਸ? ਇਹ ਨਹੀਂ ਕਵੀ ਨੇ ਦੱਸਿਆ। ਇਹੀ ਚੰਗੀ ਕਵਿਤਾ ਦੀ ਜੁਗਤ ਹੈ। ਰਤਾ ਸੋਚੋ। ਪਿਆਰ ਦੀ, ਸਤਿਕਾਰ ਦੀ, ਅਹਿਸਾਨ ਦੀ ਆਸ? ਆਉਣ ਵਾਲੀ ਹਰ ਪੀੜ੍ਹੀ ਇਨ੍ਹਾਂ ਤਸਵੀਰਾਂ ਅੱਗੇ ਜਵਾਬਦੇਹ ਰਹੇਗੀ। ਇਹ ਵੱਖਰੀ ਗੱਲ ਹੈ ਕਿ ਗ਼ਦਰ ਲਹਿਰ ਦੇ ਕਿਸੇ ਆਗੂ ਦੀ ਤਸਵੀਰ ‘ਆਈਕੌਨ' ਨਹੀਂ ਬਣ ਸਕੀ: ਕਰਤਾਰ ਸਿੰਘ ਸਰਾਭੇ ਦੀ ਤਸਵੀਰ ਬਣ ਸਕਦੀ ਸੀ, ਪਰ ਬਾਬਿਆਂ ਨੇ ਆਪ ਹੀ ਰੋਲ਼ ਦਿੱਤੀ। ਜਲੰਧਰ ਚ ਹੁਣ ਹਰ ਸਾਲ ਲਗਦੇ ਬਾਬਿਆਂ ਦੇ ਮੇਲੇ ਦੇ ਇਸ਼ਤਿਹਾਰਾਂ ਵਿਚ ਕਿਸੇ ਗ਼ਦਰੀ ਆਗੂ ਦੀ ਨਹੀਂ, ਭਗਤ ਸਿੰਘ ਦੀ ਕੇਸਰੀ ਪੱਗ ਵਾਲੀ ਮਨਢੰਗੀ ਤਸਵੀਰ ਛਪੀ ਹੁੰਦੀ ਹੈ। ਸਾਨਫ਼ਰਾਂਸਿਸਕੋ ਦੇ ਗ਼ਦਰ ਪਾਰਟੀ ਦੇ ਯੁਗਾਂਤਰ ਆਸ਼ਰਮ ਵਾਲੇ ਅਜਾਇਬਘਰ ਵਿਚ ਲੱਗੀਆਂ ਤਸਵੀਰਾਂ ਚ ਸਭ ਤੋਂ ਵੱਡੀ ਤਸਵੀਰ ਭਗਤ ਸਿੰਘ ਦੀ ਹੈ।

ਫ਼ੌਜੀਆਂ ਦੇ ਆਸਰੇ ਫ਼ਰਵਰੀ 1915 ਵਿਚ ਫ਼ਰੰਗੀਆਂ ਖ਼ਿਲਾਫ਼ ਬਗ਼ਾਵਤ ਕਰਨ ਦੀ ਗ਼ਦਰ ਪਾਰਟੀ ਦੀ ਵਿਉਂਤ ਸਿਰੇ ਨਹੀਂ ਸੀ ਚੜ੍ਹੀ। ਗ਼ਦਰੀ ਅਮਰੀਕਾ ਤੇ ਹੋਰ ਮੁਲਕਾਂ ਤੋਂ ਲਲਕਾਰੇ ਮਾਰਦੇ ਹਿੰਦੁਸਤਾਨ ਚੱਲੇ ਸੀ ਕਿ ਅਸੀਂ ਜਾ ਕੇ ਬਗ਼ਾਵਤ ਕਰਨੀ ਹੈ। ਬਹੁਤੇ ਰਾਹ ਚ ਫੜੇ ਗਏ। ਜਿਹੜੇ ਘਰੀਂ ਪੁੱਜੇ, ਉਨ੍ਹਾਂ ਦਾ ਪੁਲਸ ਟੋਡੀਆਂ ਨਾਲ ਵੈਰ ਪੈ ਗਿਆ। ਉਹ ਉਨ੍ਹਾਂ ਨੂੰ ਕਤਲ ਕਰਨ ਲੱਗੇ। ਪੈਸੇ ਵਾਸਤੇ ਡਾਕੇ ਮਾਰਨ ਲੱਗੇ। ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸਾਰੇ ਬੰਦੇ ਅਮਰੀਕਾ ਕਨੇਡਾ ਛੱਡ ਕੇ ਆਏ ਹਨ। ਅੰਤ ਨੂੰ ਅੰਗਰੇਜ਼ਾਂ ਨੇ ਡੇੜ ਸੌ ਗ਼ਦਰੀ ਜਾਨੋਂ ਮਾਰ ਦਿੱਤੇ, 3 ਸੌ ਨੂੰ 14 ਸਾਲ ਤੋਂ ਵਧ ਸਜ਼ਾਵਾਂ ਹੋਈਆਂ। ਘਰ ਜਾਇਦਾਦ ਦੀ ਕੁਰਕੀ ਵੱਖਰੀ ਹੋਈ। ਉਨ੍ਹਾਂ ਦੇ ਘਰਦਿਆਂ ਜੋ ਮੁਸੀਬਤਾਂ ਝੱਲੀਆਂ, ਉਨ੍ਹਾਂ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਹਰਨਾਮ ਚੰਦ ਉਨ੍ਹਾਂ ਗ਼ਦਰੀਆਂ ਚੋਂ ਸੀ। ਇਤਿਹਾਸ ਤੇ ਯਾਦਾਂ ਲਿਖਣ ਵਾਲਿਆਂ ਤੋਂ ਹਰਨਾਮ ਚੰਦ ਦਾ ਬਹੁਤਾ ਪਤਾ ਨਹੀਂ ਲਗਦਾ। ਸੈਂਸਰੇ ਨੇ ਗ਼ਦਰ ਪਾਰਟੀ ਦੇ ਇਤਿਹਾਸ ( 1961) ਵਿਚ ਹਰਨਾਮ ਚੰਦ ਨੂੰ ਤੀਸਰੇ ਲਹੌਰ ਸਾਜ਼ਿਸ਼ ਕੇਸ ਵਾਲਾ ‘ਸ੍ਰੀ ਨਾਮਾ’ ਤੇ ‘ਹਰਨਾਮ ਸਿੰਘ’ ਕਰਕੇ ਲਿਖਿਆ ਹੈ ਤੇ ਉਹਨੂੰ ਗ਼ਦਰ ਲਹਿਰ ਦੇ ਹਮਦਰਦ ਮੰਡੀ ਰਿਆਸਤ ਦੇ ਰਾਜੇ ਦੇ ਬੇਨਾਮ ਭਤੀਜੇ ਨਾਲ ਜੋੜਿਆ ਹੈ, ਜਿਹਦਾ ਹੋਰ ਵੇਰਵਾ ਨਹੀਂ ਦਿੱਤਾ। ਹਰੀ ਸਿੰਘ ਉਸਮਾਨ ਦੀ ਡਾਇਰੀ ਚ ਹਰਨਾਮ ਚੰਦ ਤੇ ਹੋਰ ਹਮਸਫ਼ਰਾਂ ਦੇ ਨਾਂ ਇਕ-ਅੱਧ ਵਾਰ ਹੀ ਆਉਂਦੇ ਹਨ।

37