ਅਮਰੀਕਾ ਤੋਂ ਚੱਲੇ ਉਸ ਸਮੁੰਦਰੀ ਜਹਾਜ਼ ਦਾ ਨਾਂ ਮੌਵਰਿਕ ਸੀ। ਅੰਗਰੇਜ਼ੀ ਸ਼ਬਦ ਮੈਵਰਿਕ ਦਾ ਪੰਜਾਬੀ ਉਲਥਾ ਬੇਮੁਹਾਰਾ ਕਰੀਦਾ ਹੈ। ਇਹਦੀ ਕਹਾਣੀ ਜਿਵੇਂ ਸਾਰੀ ਗ਼ਦਰ ਲਹਿਰ ਦਾ ਤੱਤ ਹੈ- ਸੂਰਮੇ ਦਿਲਾਂ ਵਿਚ ਸੱਚੀਸੁੱਚੀ ਤਾਂਘ ਲੈ ਕੇ ਦੇਸ਼ ਆਜ਼ਾਦ ਕਰਵਾਉਣ ਚੱਲੇ ਹਨ; ਨਾਲ਼ ਹੀ ਘਰ ਦੇ ਭੇਤੀ ਹਨ; ਜਹਾਜ਼ ਸਮੁੰਦਰ ਚ ਠਿਲ੍ਹ ਪਿਆ; ਕੈਪਟਨ ਪਤਾ ਨਹੀਂ ਕੌਣ ਹੈ, ਵਿਉਂਤ ਕੋਈ ਨਹੀਂ; ਲੱਗਣਾ ਕਿਹੜੇ ਕੰਢੇ ਹੈ, ਕਿਸੇ ਨੂੰ ਨਹੀਂ ਪਤਾ। ਸਾਰੇ ਬੇੜਾ ਛੱਡ ਕੋ ਨੱਸ ਜਾਂਦੇ ਹਨ; ਪਿੱਛੇ ਫਾਹੇ ਲੱਗਣ ਨੂੰ ਰਹਿ ਜਾਂਦਾ ਹੈ, ਹਰਨਾਮ ਚੰਦ।
ਹਰਨਾਮ ਚੰਦ ਤੇ ਇਹਦੇ ਗਰਾਈਂ ਬਾਬੂ ਰਾਮ ਨੂੰ ਬਾਰਾਂ ਹੋਰ ਗ਼ਦਰੀਆਂ ਸਣੇ ਤੀਸਰੇ ਲਹੌਰ ਸਾਜਿਸ਼ ਕੇਸ ਵਿਚ ਅੰਗਰੇਜ਼ ਹਕੂਮਤ ਖ਼ਿਲਾਫ਼ ਬਗ਼ਾਵਤ ਕਰਨ ਦੇ ਦੋਸ਼ ਵਿਚ ਫਾਂਸੀ ਲੱਗੀ ਸੀ। ਨਾ ਕੋਈ ਵਕੀਲ, ਨਾ ਦਲੀਲ, ਨਾ ਅਪੀਲ। ਇਨ੍ਹਾਂ ਤਾਂ ਕੋਈ ਕੀੜੀ ਸਾਰਖੀ ਵੀ ਨਹੀਂ ਮਾਰੀ। ਆਜ਼ਾਦੀ ਦਾ ਸੁਪਨਾ ਜ਼ਰੂਰ ਲਿਆ ਸੀ। ਤੌਬਾ! ਸੁਪਨਾ ਲੈਣ ਦੀ ਏਡੀ ਵੱਡੀ ਸਜ਼ਾ!
16 ਮਾਰਚ ਸੰਨ 1917 ਈਸਵੀ। ਭੁੱਲ ਜਾਓ ਕਿ ਇਹ ਕੋਈ ਖੇਲ ਹੈ। (ਪੁਰਾਣੀ ਪੰਜਾਬੀ ਚ ਸਿਨਮੇ ਨੂੰ ਲੋਕ ਖੇਲ ਕਹਿੰਦੇ ਹੁੰਦੇ ਸੀ)। ਭੁੱਲ ਜਾਓ ਕਿ ਸ਼ਹੀਦ ਦੀ ਸਾਂਗ ਲਾਉਂਦਾ ਕੋਈ ਦੁਤੀਪ ਕੁਮਾਰ, ਮਨੋਜ ਕੁਮਾਰ ਜਾਂ ਰਾਜ ਬੱਬਰ ਹੈ। ਅੱਖਾਂ ਮੁੰਦ ਤੇ ਰਤਾ ਚਿਤਵੋ- ਪੰਜ ਜਣੇ ਫਾਂਸੀ ਦੇ ਤਖਤੇ ਵਲ ਵਧ ਰਹੇ ਹਨ। ਹਰਨਾਮ ਚੰਦ। ਬਾਬੂ ਰਾਮ। ਖੁਰਦਪੁਰੀਆ ਬਲਵੰਤ ਸਿੰਘ ਜਗਰਾਵਾਂ ਦਾ ਹਾਫ਼ਿਜ਼ ਮੁਹੰਮਦ ਅਬਦੁੱਲਾ। ਸੰਘਵਾਲ ਜਲੰਧਰ ਦਾ ਰੂੜ ਸਿੰਘ। ਇਹ ਕਿਹਨੂੰ ਕਿਹਨੂੰ ਧਿਆ ਰਹੇ ਹਨ? ਜਿੰਨੇ ਇਕੱਠੇ, ਉਨੇ ਹੀ ਇਕੱਲੇ। ਇਨ੍ਹਾਂ ਜੋ ਸੁਣ ਰੱਖਿਆ ਸੀ, ਉਹ ਪਹਿਲੀ ਵਾਰੀ ਦੇਖਣਾ ਹੈ- ਰੱਸਾ, ਜਲਾਦ, ਤਖ਼ਤਾ। ਇਨ੍ਹਾਂ ਦੇ ਘਰਦਿਆਂ ਨੂੰ ਇਸ ਵਾਪਰਨ ਵਾਲ਼ੀ ਹੋਣੀ ਦਾ ਕੋਈ ਪਤਾ ਨਹੀਂ। ਹਰਨਾਮ ਚੰਦ ਕਿਸਨੂੰ ਸੋਚ ਰਿਹਾ ਹੈ? ਰੁਕਮਣੀ। ਦੀਵਾਨ ਚੰਦ। ਵਰਿਆਮਾ। ਬੱਚੇ। ਬੱਚੌਂ ਕੌ ਪਿਆਰ। ਫ਼ਤਹਗੜ੍ਹ। ਹੁਸ਼ਿਆਰਪੁਰ। ਆਪ ਕਿਸੀ ਕਿਸਮ ਕਾ ਫ਼ਿਕਰ ਨਾ ਕਰੇਂ। ਸਭ ਕੋ ਦਰਜਾ ਬਦਰਜਾ ਨਮਸਤੇ।... ਨਮਸਤੇ।
ਉਨ੍ਹਾਂ ਦੇ ਪੈਰਾਂ ਥੱਲੇ ਦੇ ਤਖ਼ਤੇ ਇਕਦਮ ਖੁੱਲ੍ਹ ਗਏ।
ਉਨ੍ਹਾਂ ਦਾ ਸਸਕਾਰ ਜੇਲ ਦੇ ਅਹਾਤੇ ਚ ਕਰ ਦਿੱਤਾ ਗਿਆ।
ਉਨ੍ਹਾਂ ਚਾਰ ਮਹੀਨੇ ਮਗਰੋਂ ਭਾਈ ਦੀਵਾਨ ਚੰਦ ਨੇ ਪੰਜਾਬ ਦੇ ਗਵਰਨਰ ਨੂੰ ਪਟੀਸ਼ਨ ਭੇਜੀ। ਉਹਦਾ ਜਵਾਬ ਆਇਆ- ਤੁਹਾਡੇ ਭਾਈ ਨੂੰ ਤਾਂ ਫਾਂਸੀ ਦਿੱਤੀ ਜਾ ਚੁੱਕੀ ਹੈ।
ਉਸ ਗੱਲ ਨੂੰ ਬੜੇ ਸਾਲ ਹੋ ਚੁੱਕੇ ਨੇ; ਪਰ ਜਾਣ ਤੋਂ ਪਹਿਲਾਂ ਹਰਨਾਮ ਚੰਦ ਦੀ ਤਸਵੀਰ ਇਕ ਵਾਰੀ ਫੇਰ ਦੇਖ ਲਵੋ।
39