ਪੰਨਾ:Saakar.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭਗਵਾਨ ਜੋਸ਼ ਦੀ ਇਸ ਲੇਖ ਬਾਰੇ ਚਿੱਠੀ

ਨਈ ਦਿੱਲੀ 9 ਜਨਵਰੀ 2002

ਪਿਆਰੇ ਮਨੁੱਖ...ਤੇਰੀ ਇਸ ਲਿਖਤ ਵਿਚ ਭੁੱਲੇ-ਵਿਸਰੇ ਇਨਸਾਨ ਬਾਰੇ ਤੇ ਉਹਦੀ ਅਣਆਈ ਮੌਤ ਬਾਰੇ ਜਾਣਕਾਰੀ ਤਾਂ ਹੈ ਹੀ, ਨਾਲ ਕੁਝ ਸਤਰਾਂ ਐਸੀਆਂ ਹਨ - ਤੇ ਇਹ ਸਤਰਾਂ ਹੀ ਇਸ ਲਿਖਤ ਨੂੰ ਅਹਿਮ ਬਣਾਉਂਦੀਆਂ ਹਨ - ਜੋ ਸਮੁੱਚੀ ਗ਼ਦਰ ਲਹਿਰ ਨੂੰ ਬਿਆਨ ਕਰ ਦਿੰਦੀਆਂ ਹਨ, ਉਹ ਹੈ ਤੇਰਾ 'ਬੇਮੁਹਾਰਾ' ਮੈਟਾਫ਼ਰ ਨੂੰ ਲੈ ਕੇ ਲਹਿਰ ਦੀ ਤਹਿ ਤਕ ਪਹੁੰਚਣਾ। ਚਾਰ ਸਤਰਾਂ ਵਿਚ ਸਮੁੱਚੀ ਲਹਿਰ ਦੇ ਚਮਤਕਾਰੀ ਸੱਚ ਦੇ ਦਰਸ਼ਨ ਹੋ ਜਾਂਦੇ ਹਨ: "ਅਮਰੀਕਾ ਤੋਂ ਚੱਲੇ ਉਸ ਸਮੁੰਦਰੀ ਜਹਾਜ਼ ਦਾ ਨਾਂ ਮੈਵਰਿਕ ਸੀ। ਅੰਗਰੇਜ਼ੀ ਸ਼ਬਦ ਮੈਵਰਿਕ ਦਾ ਪੰਜਾਬੀ ਉਲਥਾ ਬੇਮੁਹਾਰਾ ਕਰੀਦਾ ਹੈ। ਇਹਦੀ ਕਹਾਣੀ ਜਿਵੇਂ ਸਾਰੀ ਗ਼ਦਰ ਲਹਿਰ ਦਾ ਤੱਤ ਹੈ - ਸੁਰਮੇ ਦਿਲਾਂ ਵਿਚ ਸੱਚੀ-ਸੁੱਚੀ ਤਾਂਘ ਲੈ ਕੇ ਦੇਸ਼ ਆਜ਼ਾਦ ਕਰਵਾਉਣ ਚੱਲੇ ਹਨ, ਨਾਲ ਹੀ ਘਰ ਦੇ ਭੇਤੀ ਹਨ, ਜਹਾਜ਼ ਸਮੁੰਦਰ ਚ ਠਿਲ੍ਹ ਪਿਆ; ਕੈਪਟਨ ਪਤਾ ਨਹੀਂ ਕੌਣ ਹੈ, ਵਿਉਂਤ ਕੋਈ ਨਹੀਂ; ਲੱਗਣਾ ਕਿਹੜੇ ਕੰਢੇ ਹੈ, ਕਿਸੇ ਨੂੰ ਨਹੀਂ ਪਤਾ। ਸਾਰੇ ਬੇੜਾ ਛੱਡ ਕੇ ਨੱਸ ਜਾਂਦੇ ਹਨ; ਪਿਛੇ ਫਾਹੇ ਲੱਗਣ ਨੂੰ ਰਹਿ ਜਾਂਦਾ ਹੈ, ਹਰਨਾਮ ਚੰਦ।" - ਪਰ ਇਸ ਮੈਟਾਫ਼ਰ ਨੂੰ ਤੂੰ ਨ੍ਹਾਮੇ 'ਤੇ ਲਾਗੂ ਨਹੀਂ ਕੀਤਾ। ਨ੍ਹਾਮਾ ਕੌਣ ਹੈ? ਤੇਰੇ ਮੇਰੇ ਤੇ ਹੋਰ ਅਨੇਕ ਪੰਜਾਬੀ ਗੱਭਰੂਆਂ ਦੇ ਅੰਦਰ ਦਾ ਨ੍ਹਾਮਾ ਕੌਣ ਸੀ? ਸਿਰਫ਼ ਤੂੰਹੀਉਂ ਨ੍ਹਾਮੇ ਨਾਲ ਹਮਦਰਦੀ ਵਾਲਾ ਲੇਖ ਕਿਉਂ ਲਿਖਿਆ? ਕੀ ਤੂੰ ਇਹ ਲਿਖ ਕੇ ਅਪਣੇ ਅੰਦਰਲੇ ਨ੍ਹਾਮੇ ਨਾਲ ਗੱਲਾਂ ਤਾਂ ਨਹੀਂ ਸੀ ਕਰ ਰਿਹਾ? ਇਹ ਲਿਖਤ ਪੜ੍ਹ ਕੇ ਮੇਰੇ ਅੰਦਰ ਦਾ ਨ੍ਹਾਮਾ ਜਾਗ ਪਿਆ। ਇਸ ਨ੍ਹਾਮੇ ਨੂੰ ਦੋ ਸ਼ਬਦਾਂ ਚ ਬਿਆਨ ਕਰਦਾ ਹਾਂ - 'ਬੇਮੁਹਾਰੀ ਭਾਵੁਕਤਾ'। ਇਹ ਕੁਆਰੀ ਭਾਵੁਕਤਾ ਦਾ ਹੀ ਦੂਸਰਾ ਨਾਂ ਹੈ। ਗੀਤਕਾਰ ਗੁਰਦਾਸ ਮਾਨ ਗਾਉਂਦਾ ਹੈ: ਚੜ੍ਹਦੀ ਜਵਾਨੀ ਵਿਚ, ਰੁੱਤ ਮਸਤਾਨੀ ਵਿਚ, ਕਿਸੇ ਨਾਲ ਫਸਣਾ ਜ਼ਰੂਰ ਚਾਹੀਦਾ...। ਸਾਡੇ ਕਲਚਰ ਵਿਚ ਇਸ ਬੇਮੁਹਾਰੀ ਭਾਵੁਕਤਾ ਨਾਲ ਅਪਣੇ ਆਪ ਨੂੰ ਫੰਨੇ ਖ਼ਾਂ ਸਮਝਣ ਵਾਲੀ ਜਵਾਨ ਮਾਨਸਿਕਤਾ ਕਿਸੇ ‘ਇਕ' ਨਾਲ ਜ਼ਰੂਰ ‘ਫਸਦੀ' ਹੈ। ਇਹ ਕੋਈ ਇਨਸਾਨ ਹੋ ਸਕਦਾ ਹੈ; ਕੋਈ ਦਹਸ਼ਤਪਸੰਦ ਜੱਥੇਬੰਦੀ ਜਾਂ ਕਮਉਮਰਾਂ ਦੇ ਜਜ਼ਬਾਤ ਨਾਲ ਖੇਡਣ ਵਾਲੀ ਕੋਈ 'ਪਾਰਟੀ' ਹੋ ਸਕਦੀ ਹੈ। ਮੈਂ ਵੀ ਇੰਜ ਹੀ ਨਕਸਲੀ ਲਹਿਰ ਚ 'ਫਸ' ਗਿਆ ਸੀ। ਇਸ ‘ਫਸਣਾ' ਸ਼ਬਦ ਦਾ ਅਰਥ ਬੜਾ ਗੰਝਲਦਾਰ ਹੈ। ਇਹਦਾ ਇਹ ਮਤਲਬ ਨਹੀਂ ਕਿ ਕਿਸੇ ਨੇ ਤੁਹਾਡੇ ਨਾਲ ਧੋਖਾ ਕੀਤਾ; ਹਾਲਾਂਕਿ ਧੋਖੇਬਾਜ਼ ਇਨ੍ਹਾਂ ਜੱਥੇਬੰਦੀਆਂ ਚ ਵੀ ਹੁੰਦੇ ਹਨ। ਇਸਦਾ ਮਤਲਬ ਹੈ ਕਿ ਜਜ਼ਬੇ ਦੇ ਗੰਧਲਣ ਦਾ ਸਮਾਜੀ ਅਮਲ ਹਾਲੇ ਸ਼ੁਰੂ ਨਹੀਂ ਹੋਇਆ ਹੁੰਦਾ; ਜਵਾਨੀ ਵਿਚ ਸੱਚੇ-ਝੂਠੇ ਰਿਸ਼ਤਿਆਂ ਸਦਕਾ ਸਮਾਜੀ-ਮੈਂ ਨਹੀਂ ਜਨਮੀ ਹੁੰਦੀ। ਜਵਾਨ ਮਨ ਦੀ ਕੋਮਲਤਾ ਹਾਲੇ ਸਮਾਜੀ ਸਖਤੀ ਨਾਲ਼ ਟਕਰਾਈ ਨਹੀਂ ਹੁੰਦੀ। ਉਹਨੂੰ ਤਾਂ ਸਾਰੀ ਦੁਨੀਆ ਸੁਪਨਿਆਂ ਦੀ ਕਾਇਨਾਤ ਲਗਦੀ ਹੈ - ਅਪਣੀ ਮਰਜ਼ੀ ਨਾਲ਼ ਸਿਰਜੀ ਹੋਈ। ਇਨਕਲਾਬ ਗਲੀ ਦੇ ਮੋੜ 'ਤੇ ਯਾਰ ਵਾਂਙ ਉਡੀਕ ਰਿਹਾ ਹੁੰਦਾ ਹੈ। ਨ੍ਹਾਮੇ ਨੂੰ ਵੀ ਲੱਗਿਆ ਸੀ ਕਿ ਉਹਨੂੰ ਆਜ਼ਾਦੀ ਉਡੀਕ ਰਹੀ ਹੈ। ਮੈਨੂੰ ਅੱਜ ਸਮਝ ਆਈ ਕਿ ਮੈਂ ਕਿਉਂ ਨਕਸਲਬਾੜੀਆਂ ਨਾਲ਼ ‘ਫਸ’ ਗਿਆ ਸੀ; ਨ੍ਹਾਮਾ ਕਿਉਂ ਗ਼ਦਰੀਆਂ ਨਾਲ਼ ‘ਫਸਿਆ' ਸੀ।

40