ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸੁਘੜ ਸੁਆਣੀ ਸੂਤਰ ਕੱਤਿਆ
ਤਾਣੀ ਸੁਲ਼ਝੀ
ਬੁਣਕਰ ਕੱਜਣ ਕੱਜਿਆ
ਲੱਕੜ ਪੱਥਰ ਮਿੱਟੀ ਘਾੜਾ
ਜੋ ਕਰਮ ਕਮਾਵੈ ਲੋਹਾ ਸੋਨਾ
ਕਰਮਕਾਰ ਕਹਾਵੈ ਕਰਮਾਂਵਾਲ਼ਾ
ਜੋ ਵੀ ਹੱਥੀਂ ਕਾਰ ਕਰੇਵਾ
ਓਹੀਓ ਤੇਰਾ ਨਾਮਲੇਵਾ ਹੈ
ਦੀਵਾ ਸੂਰਜ ਨਿਤ ਬਲ਼ੇ ਹੈ
ਖਿੱਦੋ ਧਰਤੀ ਇੱਕੋ ਥਾਂ 'ਪਰ ਰਿੜ੍ਹਦੀ ਰਹਿੰਦੀ
ਘੜਾ ਪਾਣੀ ਦਾ ਪਿਆਸ ਨੇ ਬੱਧਾ
ਸੂਰਜ ਦੁਆਲ਼ੇ ਚਰਖ਼ਾ ਗੇੜਾ
ਪੁੜ ਚੱਕੀ ਦਾ ਰੱਜ ਪੀਸਦਾ
ਮੱਸਿਆ ਰਾਤੇ ਚੰਨ ਚਮਕਾਇਆ
ਪੈਰ ਦਾ ਕੰਡਾ ਕੱਢਿਆ ਚੰਮ ਕੰਡਿਆਰੀ
ਆਰੀ ਦੇ ਦਿੰਦੇ 'ਤੇ ਗ਼ਜ਼ ਫੇਰਦਾ
ਤਰਬਾਂ ਛਿੜੀਆਂ
ਜਿਸ ਕਾਸੇ ਨੂੰ ਬੰਦਾ ਪਿਆਰ ਨਾ' ਛੂਹਵੇ
ਸੁਰਮੰਡਲ ਸੁਰਮੰਡਲ ਹੋਵੇ
ਕਿਰਤ ਕਲਾ ਦਾ ਜੰਤਰ ਇੰਜਣ
ਲਹੂ ਪਸੀਨੇ ਢਲ਼ਦਾ ਚੱਲਦਾ
ਰਿਜ਼ਕ ਦੀ ਮਹਿਮਾ
ਕਿਰਤ ਦੀ ਮਹਿਮਾ
ਸਦਕੇ ਤੇਰੇ ਨਾਨਕ ਬਾਬੇ
ਰੁਲ਼ਦੇ ਕੰਮੀ ਨੂੰ ਚੁੱਕ
ਗਲ਼ ਨਾ' ਲਾਇਆ
ਉੱਚੇ ਥਾਉਂ ਬਠਾਇਆ॥
82