ਪੰਨਾ:Sariran de vatandre.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਜ਼ਰੂਰ ਹੀ ਕੁਝ ਕਰਨਾ ਚਾਹੀਦਾ ਹੈ। ਇਹ ਸੋਚ ਕੇ ਮੈਂ ਝੱਟ ਪਟ ਤਿਆਰ ਹੋ ਕੇ ਆਪਣੀ ਕਾਰ ਵਿਚ ਬੈਠ ਕੇ ਚੀਫ ਮਨਿਸਟਰ ਸਾਹਿਬ ਦੀ ਕੋਠੀ ਵਲ ਤੁਰ ਪਿਆ ਤਾ ਕਿ ਚੀਫ ਮਨਿਸਟਰ ਸਾਹਿਬ ਜੋ ਕਿ ਅਸਲ ਵਿਚ ਡਾ: ਹੁਸ਼ਿਆਰ ਸਿੰਘ ਜੀ ਹਨ, ਮਿਲ ਕੇ ਉਹਨਾਂ ਨੂੰ ਸਰੀਰਾਂ ਦਾ ਫੇਰ ਵਟਾਂਦਰਾ ਕਰਨ ਲਈ ਤਿਆਰ ਕਰਾਂ ਪਰ ਜਦੋਂ ਮੈਂ ਉਹਨਾਂ ਦੀ ਕੋਠੀ ਪੁਜਾ ਤਾਂ ਪਤਾ ਲਗਾ ਕਿ ਉਹ ਰਾਜ ਭਵਨ ਰਾਜ ਪਰਮੁਖ ਨੂੰ ਮਿਲਣ ਚਲੇ ਗਏ ਹੋਏ ਹਨ ਅਤੇ ਜਦੋਂ ਮੈਂ ਰਾਜ ਭਵਨ ਪੁੱਜਾ ਤਾਂ ਪਤਾ ਲਗਾ ਕਿ ਚੀਫ ਮਨਿਸਟਰ ਸਾਹਿਬ ਰਾਜੇ ਪਰਮੁਖ ਨਾਲ ਸਲਾਹ ਕਰਕੇ ਅਸੈਂਬਲੀ ਹਾਲ ਬਜਟ ਤੇ ਬਹਿਸ ਕਰਨ ਲਈ ਚਲੇ ਗਏ ਹੋਏ ਹਨ ਅਤੇ ਹੁਣ ਉਹ ਬਜਟ ਦੀ ਬਹਿਸ ਦਾ ਉਤਰ ਦੇਣ ਹੀ ਵਾਲੇ ਹਨ। ਹੁਣ ਮੈਂ ਹੈਰਾਨ ਸਾਂ ਕਿ ਇਕ ਨਵਾਂ ਆਦਮੀ ਜਿਸ ਨੇ ਕਦੇ ਪਹਿਲੇ ਅਸੈਂਬਲੀ ਦੀ ਬੈਠਕ ਵਿਚ ਹਿੱਸਾ ਹੀ ਨਹੀਂ ਲਿਆ ਅਤੇ ਨਾ ਹੀ ਉਹਨੂੰ ਆਪਣੀ ਪਾਰਟੀ ਦੇ ਮੈਂਬਰਾਂ ਦੇ ਬਾਰੇ ਹੀ ਕੁਝ ਪਤਾ ਹੈ, ਬਜਟ ਦੀ ਬਹਿਸ ਦਾ ਉੱਤਰ ਕਿੱਦਾਂ ਦੇ ਸਕੇਗਾ। ਪਰ ਮੈਨੂੰ ਦਸਿਆ ਗਿਆ ਸੀ ਕਿ ਉਹ ਇਸ ਬਹਿਸ ਲਈ ਤਿਆਰ ਹੋਕੇ ਪੁੱਜਾ ਹੈ । ਹੁਣ ਅਸੈਂਬਲੀ ਹਾਲ ਵਿਚ ਅੰਦਰ ਜਾਣ ਦਾ ਪਾਸ ਮੇਰੇ ਕੋਲ ਨਹੀਂ ਸੀ। ਇਸ ਲਈ ਮੈਂ ਅਸੈਂਬਲੀ ਦੇ ਬੂਹੇ ਦੇ ਸਾਹਮਣੇ ਆਪਣੀ ਕਾਰ ਖੜੀ ਕਰਕੇ ਉਹਨਾਂ ਦੇ ਬਾਹਰ ਆਉਣ ਤਕ ਦੀ ਉਡੀਕ ਕਰਨ ਲਗ ਪਿਆ ।

ਪਰ ਥੋੜੇ ਸਮੇਂ ਦੇ ਬਾਦ ਪਤਾ ਲਗਾ ਕਿ ਬਜਟ ਤਾਂ ਪਾਸ ਹੋ ਗਿਆ ਹੋਇਆ ਹੈ ਅਤੇ ਚੀਫ਼ ਮਨਿਸਟਰ ਸਾਹਿਬ ਦੂਜੇ ਬੂਹੇ ਰਾਹੀ ਬਾਹਰ ਚਲੇ ਗਏ ਹੋਏ ਹਨ । ਅੱਕ ਥੱਕ ਕੇ ਮੈਂ ਆਪਣੇ ਘਰ ਨੂੰ ਮੁੜ ਆਇਆ | ਦੋ ਤਿੰਨ ਦਿਨ ਲਗਾਤਾਰ ਮੈਂ ਉਹਨਾਂ ਦੀ ਕੋਠੀ ਪੁੱਜਦਾ ਰਿਹਾ ਪਰ ਉਹਨਾਂ ਨਾਲ ਮੇਲ ਨਾ ਹੋ ਸਕਿਆ ।


੧੦੮