ਪੰਨਾ:Sariran de vatandre.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਮਰੇ ਵਿਚ ਦੋ ਤਿੰਨ ਸ਼ਰਾਬ ਦੀਆਂ ਬੋਤਲਾਂ ਖੁਲੀਆਂ ਹੋਈਆਂ ਪਈਆਂ ਸਨ । ਉਹਨਾਂ ਦੇ ਮੂੰਹ ਤੇ ਕਾਹਨੇ ਨੇ ਜਾਲਾ ਤਾਣਿਆ ਹੋਇਆ ਸੀ । ਉਹ ਕਈਆਂ ਵਰਿਆਂ ਦੀਆਂ ਉਥੇ ਏਦਾਂ ਹੀ ਪਈਆਂ ਹੋਈਆਂ ਜਾਪਦੀਆਂ ਸਨ । ਏਸ ਤੋਂ ਇਹ ਵੀ ਸਿਧ ਹੁੰਦਾ ਸੀ ਕਿ ਉਸ ਘਰ ਵਿਚ ਰਹਿਣ ਵਾਲੇ ਭੂਤ ਸ਼ਰਾਬੀ ਨਹੀਂ ਸਨ। ਹੋਰ ਸਾਨੂੰ ਕੋਈ ਖ਼ਾਸ ਚੀਜ਼ ਉਥੇ ਨਾ ਦਿਸੀ। ਘਰ ਦਾ ਵਿਹੜਾ ਛੋਟਾ ਜਿਹਾ ਸੀ ਤੇ ਉਹਦੇ ਚਾਰ ਚੁਫੇਰੇ ਉਚੀਆਂ ਉਚੀਆਂ ਕੰਧਾਂ ਹੋਣ ਕਰ ਕੇ ਵਿਹੜੇ ਵਿਚ ਹਨੇਰਾ ਜਿਹਾ ਸੀ । ਵਿਹੜੇ ਦੇ ਫ਼ਰਸ਼ ਦੇ ਪਥਰ ਬੜੇ ਗਿਲੇ ਜਹੇ ਸਨ ਅਤੇ ਉਹਨਾਂ ਉਤੇ ਮਹੀਨ ਸੁਰਮੇ ਵਰਗੇ ਘਟੇ ਦੀ ਮੋਟੀ ਜਹੀ ਤਹਿ ਜਮੀ ਹੋਣ ਕਰ ਕੇ ਜਿਥੋਂ , ਜਿਥੋਂ ਦੀ ਵੀ ਅਸੀ ਲੰਘਦੇ ਸਾਂ ਓਥੇ ਸਾਡੇ ਪੈਰਾਂ ਦੇ ਨਿਸ਼ਾਨ ਪੈਂਦੇ ਜਾਂਦੇ ਸਨ।

ਸਭ ਤੋਂ ਪਹਿਲੀ ਭੂਤਾਂ ਦੀ ਖੇਡ ਉਸ ਵੇਲੇ ਸਾਨੂੰ ਦਿਸੀ ਜਦੋਂ ਅਸਾਂ ਵੇਖਿਆ ਕਿ ਸਾਡੇ ਅਗੇ ਅਗੇ ਕਿਸੇ ਦੇ, ਮਿੱਟੀ ਦੇ ਲਿਬੜੇ ਪੈਰਾਂ ਦੇ ਤਾਜ਼ੇ ਨਿਸ਼ਾਨ ਪੈਂਦੇ ਜਾਂਦੇ ਹਨ, ਪਰ ਕੋਈ ਤੁਰਨ ਵਾਲਾ ਨਹੀਂ ਸੀ ਦਿਸ ਰਿਹਾ। ਮੈਂ ਅਸਚਰਜ ਜਿਹਾ ਹੋਇਆ ਖਲੋ ਗਿਆ। ਅਤੇ ਰੁਲਦੁ ਦੀ ਬਾਂਹ ਫੜ ਕੇ ਉਹਨੂੰ ਹਥ ਦੀ ਸੈਨਤ ਨਾਲ ਉਹ ਵਖਾਏ। ਜਦੋਂ ਅਸੀਂ ਫੇਰ ਤੁਰ ਪਏ ਤਾਂ ਕਿਸੇ ਦੇ ਨੰਗੇ ਪੈਰੀ ਤੁਰਨ ਦੇ ਨਵੇਂ ਨਿਸ਼ਾਨ ਫੇਰ ਪੈਂਦੇ ਦਿਸੇ। ਇਹ ਨਿਸ਼ਾਨ ਕਿਸੇ ਬਚੇ ਦੇ ਜਾਪਦੇ ਸਨ । ਜਦੋਂ ਅਸੀਂ ਮੋਹਰਲੀ ਕੰਧ ਕੋਲ ਪੁੱਜੇ ਤਾਂ ਨਿਸ਼ਾਨ ਪੈਣੇ ਬੰਦ ਹੋ ਗਏ ਅਤੇ ਜਦੋਂ ਅਸੀਂ ਉਧਰੋਂ ਵਾਪਸ ਮੁੜੇ ਤਾਂ ਫੇਰ ਕੋਈ ਨਿਸ਼ਾਨ ਪੈਂਦੇ ਨਾ ਦਿਸੇ ।

ਵਾਪਸ ਆ ਕੇ ਅਸੀਂ ਉਪਰਲੀ ਛਤ ਉਤੇ ਚਲੇ ਗਏ । ਛਤ ਤੇ ਪੁਜ ਕੇ ਅਸਾਂ ਇਕ ਛੋਟਾ ਜਿਹਾ ਕਮਰਾ ਵੇਖਿਆ ਅਤੇ ਫੇਰ ਅਸੀਂ ਬੈਠਨ ਵਾਲੇ ਕਮਰੇ ਵਿਚ ਚਲੇ ਗਏ।

੧੬