ਪੰਨਾ:Sariran de vatandre.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਦ ਪੂਰੇ ਜੋਬਨ ਤੇ ਚਮਕ ਰਿਹਾ ਸੀ। ਮਹਿੰਦਰ ਸਿੰਘ 'ਤੇ ਸੇਵਾ ਸਿੰਘ ਪੈਦਲ ਹੀ ਤੁਰ ਕੇ ਡਾ: ਹੁਸ਼ਿਆਰ ਸਿੰਘ ਦੇ ਘਰ ਪੁਜ ਗਏ । ਸੇਵਾ ਸਿੰਘ ਨੇ ਘਰ ਦਾ ਬੂਹਾ ਖੜਕਾ ਕੇ ਵਾਜ ਮਾਰੀ ਤਾਂ ਅੰਦਰੋਂ ਕਿਸੇ ਨੌਕਰ ਨੇ ਬੂਹਾ ਖੋਲ ਦਿਤਾ । ਅੰਦਰ ਜਾ ਕੇ ਮਹਿੰਦਰ ਸਿੰਘ ਨੇ ਵੇਖਿਆ ਕਿ ਘਰ ਦੇ ਸਾਰੇ ਨੌਕਰ ਤੇ ਨੌਕਰਾਣੀਆਂ ਡਰ ਨਾਲ ਭੈ-ਭੀਤ ਹੋਏ ਹੋਏ ਹਾਲ ਕਮਰੇ ਵਿਚ ਜ਼ਮੀਨ ਅਤੇ ਗਲੀਚੇ ਉਤੇ ਹੀ ਬੈਠੇ ਹੋਏ ਹਨ। ਇਹਨਾਂ ਦੋਵਾਂ ਨੂੰ ਕੋਲ ਜਹੇ ਪੁਜ਼ਦਿਆਂ ਵੇਖ ਕੇ ਸਾਰੇ ਉਠ ਕੇ ਮਾਨ ਕਰਨ ਲਈ ਖਲੋ ਗਏ । "ਪਰ ਸਾਰਿਆਂ ਦੇ ਚੇਹਰੇ ਕਿਸੇ ਖਾਸ ਡਰ ਨਾਲ ਸਹਿਮੇ ਹੋਏ ਜਾਪਦੇ|

ਸੇਵਾ ਸਿੰਘ ਨੇ ਚੋਰ ਬੱਤੀ ਹਥ ਵਿਚ ਲੈ ਕੇ 'ਵਕੀਲ ਸਾਹਿਬ ਨੂੰ ਕਿਹਾ ਕਿ “ਆਓ ਜੀ ! ਹੁਣ ਡਾਕਟਰ ਸਾਹਿਬ ਕੋਲ ਚਲੀਏ । ਪਰ ਮੈਂ ਆਪ ਜੀ ਨੂੰ ਸਾਵਧਾਨ ਕਰਾਉਂਦਾ ਹਾਂ ਕਿ ਜੇ ਡਾਕਟਰ ਸਾਹਿਬ ਨੇ ਆਪ ਜੀ ਨੂੰ ਇਕਲਿਆਂ ਨੂੰ ਹੀ ਅੰਦਰ ਬੁਲਾ ਲਿਆ ਤਾਂ ਵੀ ਆਪ ਜੀ ਇਕੱਲਿਆਂ ਅੰਦਰ ਛੇਤੀ ਨਾਲ ਨਾ ਚਲੇ ਜਾਣਾ । ਦੂਜੇ ਆਪ ਜੀ ਦਬੇ ਪੈਰ ਤੁਰਨਾ ਤਾਕਿ ਡਾਕਟਰ ਤੁਹਾਡੇ ਪੈਰਾਂ ਦਾ ਖੜਾਕ ਜਾਂ ਆਵਾਜ਼ ਨਾ ਸੁਣ ਲਵੇ ਪਰ ਮੈਂ ਚਾਹੁੰਦਾ ਹਾਂ ਕਿ ਕੇਵਲ ਆਪ ਜੀ ਹੀ ਡਾਕਟਰ ਦੀ ਆਵਾਜ਼ ਸੁਣੋ |"

ਹੌਲੀ ਹੌਲੀ ਉਹ ਦੋਵੇਂ ਡਾਕਟਰ ਦੇ ਸੌਣ ਵਾਲੇ ਕਮਰੇ ਵਲ ਤੁਰ ਪਏ । ਬੂਹੇ ਦੇ ਮੂਹਰੇ ਜਾ ਕੇ ਸੇਵਾ ਸਿੰਘ ਨੇ ਹੌਲੀ ਜਹੀ ਕਿਹਾ ਕਿ ਡਾਕਟਰ ਸਾਹਿਬ ਜੀ ਵਕੀਲ ਸਾਹਿਬ ਮਹਿੰਦਰ ਸਿੰਘ ਜੀ ਆਪ ਨੂੰ ਮਿਲਣਾ ਲੋਚਦੇ ਹਨ । ਜੇ ਆਪ ਜੀ ਆਗਿਆ ਦਿਉ ਤਾਂ ਆਪ ਜੀ ਦੇ ਕੋਲ ਅੰਦਰ ਕੁਝ ਮਿੰਟਾਂ ਲਈ ਆ ਜਾਣ ਤਾਂ ਉਹ ਮਿਲਣ ਲਈ ਬੜੇ ਉਤਾਵਲੇ ਹਨ ।


੧੬੧