ਪੰਨਾ:Sariran de vatandre.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਲ ਸਾਬਤ ਕਰਕੇ ਨਿਸ਼ਚੇ ਕਰਾਉਣਾ ਅਤੀ ਕਠਨ ਹੈ। ਅਤੇ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਕਿਉਂਕਿ ਆਪ ਜੀ ਉੱਚ ਚੋਟੀ ਦੇ ਵਕੀਲ ਹੋ, ਜਿਥੇ ਜੱਜ ਤੇ ਦੂਜੇ ਵਕੀਲ ਆਪ ਜੀ ਦੀਆਂ ਦਲੀਲਾਂ ਸੁਣ ਕੇ ਆਪ ਜੀ ਨੂੰ ਸਚਾ ਜਾਣ ਜਾਂਦੇ ਹਨ ਅਤੇ ਆਪਣੀਆਂ ਦਲੀਲਾਂ ਭਾਵੇਂ ਸਚੀਆਂ ਵੀ ਹੋਣ, ਝੂਠ ਮੰਨ ਲੈਂਦੇ ਹਨ। ਅਸੀਂ ਤਾਂ ਨੌਕਰ ਹਾਂ, ਪਰ ਅਸੀਂ ਇਹ ਦਸ ਦੇਣਾ ਚਾਹੁੰਦੇ ਹਾਂ ਕਿ ਅਜ ਕੋਈ ਅੱਠਾਂ ਦਿਨਾਂ ਤੋਂ ਡਾ: ਹਸ਼ਿਆਰ ਸਿੰਘ ਜਾਂ ਉਹਨੂੰ ਮਾਰ ਦੇਣ ਵਾਲਾ ਉਹਦਾ ਖੂਨੀ ਜਾਂ ਕੋਈ ਹੋਰ ਜੋ ਕੋਈ ਵੀ ਇਸ ਕਮਰੇ ਵਿਚ ਹੈ। ਉਹ ਰਾਤ ਦਿਨ ਇਕ ਖਾਸ ਦੁਆਈ ਲਈ ਮੰਗ ਕਰ ਰਿਹਾ ਹੈ। ਮੇਰੇ ਮਾਲਕ ਦਾ ਇਹ ਨਿਯਮ ਕਦੇ ਵੀ ਨਹੀਂ ਸੀ ਕਿ ਉਹ ਕਾਗਜ਼ ਤੇ, ਜੋ ਕੁਝ ਚਾਹੁੰਦਾ ਹੋਵੇ, ਲਿਖ ਕੇ ਪੌੜੀਆਂ ਵਿਚ ਸੁਟ ਦਿਆ ਕਰੇ। ਕੋਈ ਇਕ ਹਫਤੇ ਤੋਂ ਕੇਵਲ ਲਿਖੇ ਹੋਏ ਕਾਗਜ਼ ਹੀ ਸੁਟੇ ਜਾ ਰਹੇ ਹਨ । ਸੌਣ ਵਾਲੇ ਕਮਰੇ ਦਾ ਬੂਹਾ ਸਦਾ ਅੰਦਰੋਂ ਬੰਦ ਹੀ ਰਹਿੰਦਾ ਹੈ। ਅਸੀਂ ਬੂਹੇ ਅਗੇ ਰੋਟੀ ਰੱਖ ਆਉਂਦੇ ਹਾਂ, ਕਿਉਂਕਿ ਇਹ ਵੀ ਲਿਖ ਕੇ ਹੀ ਕਰਾਇਆ ਜਾ ਰਿਹਾ ਹੈ ਅਤੇ ਜਦੋਂ ਕੋਈ ਲਾਗੇ ਛਾਗੇ ਵੇਖਦਾਂ ਨਹੀਂ ਹੁੰਦਾ ਤਾਂ ਰੋਟੀ ਕੋਈ ਆਪੇ ਹੀ ਅੰਦਰ ਚੁਕ ਕੇ ਲੈ ਜਾਂਦਾ ਹੈ । ਅਠਾਂ ਦਿਨਾਂ ਤੋਂ ਦਿਨ ਵਿਚ ਤਿੰਨ ਤਿੰਨ ਚਾਰ ਚਾਰ ਵੇਰਾਂ ਕਾਗਜ਼ ਤੇ ਦੁਆਈ ਦਾ ਨਾਮ ਲਿਖ ਕੇ ਪੌੜੀਆਂ ਵਿੱਚ ਸੁਟਿਆ ਜਾਂਦਾ ਹੈ। ਅਤੇ ਅਸੀਂ ਨੱਸ ਭੱਜ ਕੇ ਲੈਣ ਜਾਂਦੇ ਹਾਂ ਤੇ ਦੁਆਈ ਲੈ ਕੇ ਆਉਂਦੇ ਹਾਂ ਫੇਰ ਉਹ ਨਾ ਪਸੰਦ ਹੋਣ ਤੇ ਵਾਪਸ ਕਰਨੇ ਜਾਂਦੇ ਹਾਂ। ਕਿਉਂਕਿ ਕਾਗਜ਼ ਤੇ ਲਿਖਿਆ ਹੋਇਆ ਹੁੰਦਾ ਹੈ ਕਿ ਇਹ ਦੁਆਈ ਠੀਕ ਨਹੀਂ ਹੈ ਵਾਪਸ ਕਰਕੇ ਦੂਜੀ ਵਟਾ ਕੇ ਲੈ ਆਓ । ਕਿਉਂਕਿ ਇਹ ਸਾਫ਼ ਨਹੀਂ ਹੈ । ਛੇਤੀ ਕਰੋ ਇਹ ਦੁਆਈ ਜ਼ਰੂਰ ਹੀ ਛੇਤੀ ਚਾਹੀਦੀ ਹੈ।’’ ਸੇਵਾ ਸਿੰਘ ਨੇ ਦਸਿਆ।


੧੬੩