ਪੰਨਾ:Sariran de vatandre.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਵੇਲੇ ਪਹਿਲੀ ਵਾਰ ਮੈਨੂੰ ਡਰ ਨਾਲ ਅਪਣੇ ਸਰੀਰ ਵਿਚ ਤਰੇਲ ਆਈ ਜਾਪੀ ਅਤੇ ਇਉਂ ਜਾਪਿਆ ਜਿਵੇਂ ਕਿ ਮੈਂ ਕੰਬ ਰਿਹਾ ਹੁੰਦਾ ਹਾਂ। ਪਰ ਮੇਰਾ ਨੌਕਰ ਰੂਲਦੂ ਨਹੀਂ ਸੀ ਡਰਿਆ | ਉਹਨੇ ਸਗੋਂ ਕਿਹਾ, "ਕੀ ਉਹ ਜ਼ਬਰਦਸਤੀ ਸਾਨੂੰ ਕੈਦ ਕਰਨਾ ਚਾਹੁੰਦੇ ਹਨ ? ਮੈਂ ਇਹ ਬੂਹਾ ਦੋ ਲਤਾਂ ਮਾਰ ਕੇ ਹੁਣੇ ਖੋਲ੍ਹ ਲਵਾਂਗਾ।”

“ਨਹੀਂ ਰੁਲਦੂ, ਪਹਿਲਾਂ ਆਪਣੇ ਹੱਥਾਂ ਨਾਲ ਖੋਲ ਕੇ ਵੇਖ ।ਮੈਂ ਕੰਬਦੀ ਜਹੀ ਅਵਾਜ਼ ਵਿਚ ਕਿਹਾ ਅਤੇ ਆਪ ਬਾਰੀ ਖੋਲ ਕੇ ਬਾਹਰ ਵੇਖਣ ਲਗ ਪਿਆ ।

ਰੁਲਦੂ ਕਿਨਾਂ ਚਿਰ ਹੱਥਾਂ ਨਾਲ ਬੂਹਾ ਖੋਲਣ ਦੇ ਯਤਨ ਕਰਦਾ ਰਿਹਾ। ਅੰਤ ਅਕ, ਥਕ ਕੇ ਉਹਨੇ ਕਿਹਾ, 'ਹੁਣ ਜ਼ੋਰ ਲਾ ਕੇ ਖੋਲ੍ਹਣ ਲਗਾ ਹਾਂ । ਰੁਲਦੂ ਦਾ ਅਜਿਹੇ ਸਮੇਂ ਏਨਾ ਹੌਸਲਾ ਦਸਣਾ ਮੇਰੇ ਲਈ ਬੜਾ ਚੰਗਾ ਸਾਬਤ ਹੋਇਆ ਅਤੇ ਮੈਂ ਆਪਣੇ ਆਪ ਵਿਚ ਖੁਸ਼ ਹੋ ਰਿਹਾ ਸਾਂ ਕਿ ਚੰਗਾ ਹੀ ਹੋਇਆ ਹੈ ਜੋ ਰੁਲਦੂ ਮੇਰੇ ਨਾਲ ਆ ਗਿਆ ਹੈ। ਰੁਲਦੂ ਭਾਵੇਂ ਆਪਣਾ ਸਾਰਾ ਜ਼ੋਰ ਲਾ ਕੇ ਬੂਹੇ ਨੂੰ ਲਤਾਂ ਤੇ ਧਕੇ ਮਾਰਦਾ ਸੀ ਪਰ ਬੂਹੇ ਦੇ ਤਖਤੇ ਇਕ ਇੰਚ ਵੀ ਨਹੀਂ ਸਨ ਹਿਲਦੇ । ਥਕ ਹਾਰ ਕੇ ਉਹਨੇ ਮੈਨੂੰ ਵੀ ਜ਼ੋਰ ਲਾਉਣ ਲਈ ਕਿਹਾ ਅਤੇ ਮੈਂ ਵੀ ਕੁਝ ਚਿਰ ਜ਼ੋਰ ਲਾਉਂਦਾ ਰਿਹਾ | ਪਰ ਬੂਹਾ ਨਾ ਹੀ ਖੁਲਿਆ ਅਤੇ ਅਸੀਂ ਦੋਵੇਂ ਅੰਤ ਨੂੰ ਹਾਰ ਕੇ ਪੁੰਜੇ ਹੀ ਬੈਠ ਗਏ।

ਕਮਰੇ ਦੇ ਫ਼ਰਸ਼ ਦੀਆਂ ਝੀਤਾਂ ਥਾਣੀ ਕੋਈ ਖ਼ਾਸ ਭਾਂਤ ਦੀ ਗੈਸ ਜਹੀ ਦੀ ਬੂ ਨਿਕਲਦੀ ਜਾਪਦੀ ਸੀ, ਜਿਸ ਦੇ ਸੁੰਗਣ ਨਾਲ ਸਰੀਰ ਵਿਚ ਤਰੇਲੀ ਤੋਂ ਕੰਬਣੀ ਜਹੀ ਆਉਂਦੀ ਜਾਪਦੀ ਸੀ। ਕੋਈ ਥੋੜੇ ਜਹੇ ਚਿਰ ਦੇ ਪਿਛੋਂ ਬੂਹਾ ਹੌਲੀ ਹੌਲੀ ਆਪੇ ਹੀ ਫੇਰ ਖੁਲ ਗਿਆ ਅਸੀਂ ਦੋਵੇਂ ਭਜ ਕੇ ਬਾਹਰ ਨਿਕਲ ਆਏ |

੨੨